ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾ ਕੇ ਤੁਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹੋ ਅਤੇ ਰਿਸ਼ਤੇ-ਨਾਤੇ ਵਿਗਾੜਣ ਤੋਂ ਬਚੋ, ਬੇਸ਼ੱਕ ਅੱਲਾਹ ਤੁਹਾਨੂੰ ਵੇਖ ਰਿਹਾ ਹੈ। (1) ਅਤੇ ਯਤੀਮਾਂ ਦਾ ਮਾਲ (ਜਿਹੜਾ ਤੁਹਾਨੂੰ ਸੌਂਪਿਆ ਗਿਆ ਹੋਵੇ) ਉਹਨਾਂ ਦੇ ਹਵਾਲੇ ਕਰ ਦੇਵੋ ਅਤੇ ਉਹਨਾਂ ਦੇ ਪਾਕੀਜ਼ਾ (ਅਤੇ ਵਧੀਆ) ਮਾਲ ਨੂੰ (ਆਪਣੇ ਨੁਕਸਦਾਰ ਅਤੇ) ਭੈੜੇ ਮਾਲ ਨਾਲ ਨਾ ਬਦਲੋ, ਅਤੇ ਉਹਨਾਂ ਦਾ ਮਾਲ ਆਪਣੇ ਮਾਲ ਨਾਲ ਰਲਾ ਕੇ ਨਾ ਖਾਓ ਕਿਉਂਕਿ ਇਹ ਬਹੁਤ ਸਖ਼ਤ ਗੁਨਾਹ ਹੈ (2) ਅਤੇ ਜੇ ਤੁਹਾਨੂੰ ਇਸ ਗੱਲ ਦਾ ਡਰ ਹੋਵੇ ਕਿ ਯਤੀਮ ਲੜਕੀਆਂ ਦੇ ਮਾਮਲੇ 'ਚ ਇਨਸਾਫ਼ ਨਹੀਂ ਕਰ ਸਕੋਗੇ ਤਾਂ ਉਹਨਾਂ ਤੋਂ ਇਲਾਵਾ ਜਿਹੜੀਆਂ ਔਰਤਾਂ ਤੁਹਾਨੂੰ ਪਸੰਦ ਹੋਣ, ਉਹਨਾਂ ਵਿੱਚੋਂ ਦੋ ਦੋ ਜਾਂ ਤਿੰਨ ਤਿੰਨ ਜਾਂ ਚਾਰ-ਚਾਰ ਨਾਲ ਨਿਕਾਹ ਕਰ ਲਓ। ਜੇਕਰ ਇਸ ਗੱਲ ਦਾ ਡਰ ਹੋਵੇ ਕਿ (ਸਾਰੀਆਂ ਔਰਤਾਂ ਨਾਲ) ਇੱਕੋ ਜਿਹਾ ਵਿਹਾਰ ਨਹੀਂ ਕਰ ਸਕੋਗੇ ਤਾਂ ਇੱਕ ਔਰਤ (ਕਾਫ਼ੀ) ਹੈ ਜਾਂ ਜਿਸ ਦੇ ਤੁਸੀਂ ਮਾਲਿਕ ਹੋਵੋ, ਇੰਜ ਕਰਨ ਨਾਲ ਅਨਿਆਂ ਕਰਨ ਤੋਂ ਬਚ ਜਾਵੋਗੇ। (3)

ਅਤੇ ਔਰਤਾਂ ਨੂੰ ਉਹਨਾਂ ਦਾ 'ਮਹਿਰ' ਖੁਸ਼ੀ-ਖੁਸ਼ੀ ਅਦਾ ਕਰ ਦਿਆ ਕਰੋ ਹਾਂ, ਜੇਕਰ ਉਹ ਆਪਣੀ ਖੁਸ਼ੀ ਨਾਲ (ਮਹਿਰ) ਵਿਚੋਂ ਕੁਝ ਹਿੱਸਾ ਤੁਹਾਨੂੰ ਮੁਆਫ਼ ਕਰ ਦੇਣ ਤਾਂ ਉਸ ਨੂੰ ਮਜ਼ੇ ਨਾਲ ਖਾ ਲਿਆ ਕਰੋ। (4) ਅਤੇ ਬੇਸਮਝਾਂ (ਨਾਬਾਲਗ਼ਾਂ) ਨੂੰ ਉਹਨਾਂ ਦਾ ਮਾਲ, ਜਿਸਨੂੰ ਖ਼ੁਦਾ ਨੇ ਤੁਹਾਡੇ ਲਈ ਰੁਜ਼ਗਾਰ ਦਾ ਸਾਧਨ ਬਣਾਇਆ ਹੈ, ਨਾ ਦੇਵੋ, ਹਾਂ ਇਸ ਵਿਚੋਂ ਉਹਨਾਂ ਨੂੰ ਖੁਆਉਂਦੇ ਅਤੇ (ਲਿਬਾਸ) ਪਹਿਨਾਉਂਦੇ ਰਹੋ। ਅਤੇ ਉਹਨਾਂ ਨੂੰ ਉੱਚਿਤ ਗੱਲਾਂ ਆਖਦੇ ਰਹੋ। (5)

ਅਤੇ ਯਤੀਮਾਂ ਨੂੰ (ਬਾਲਿਗ਼ ਹੋਣ ਤੱਕ) ਕੰਮ-ਕਾਜ ਵਿਚ ਲਗਾਈਂ ਰੱਖੋ, ਫਿਰ (ਬਾਲਿਗ਼ ਹੋਣ ਉਪਰੰਤ) ਜੇਕਰ ਉਹਨਾਂ ਅੰਦਰ ਚੰਗੀ ਸੂਝ-ਬੂਝ ਵੇਖੋ ਤਾਂ ਉਹਨਾਂ ਦਾ ਮਾਲ ਉਹਨਾਂ ਦੇ ਹਵਾਲੇ ਕਰ ਦੇਵੋ ਅਤੇ ਇਸ ਡਰੋਂ ਕਿ ਉਹ ਵੱਡੇ ਹੋ ਜਾਣਗੇ (ਭਾਵ ਵੱਡੇ ਹੋ ਕੇ ਤੁਹਾਥੋਂ ਆਪਣਾ ਮਾਲ ਵਾਪਸ ਲੈ ਲੈਣਗੇ) ਉਸ ਮਾਲ ਨੂੰ ਫ਼ਜ਼ੂਲ ਖ਼ਰਚੀ ਦੇ ਕੰਮਾਂ ਵਿੱਚ ਛੇਤੀ-ਛੇਤੀ ਨਾ ਉਡਾ ਦੇਣਾ ਅਤੇ ਜਿਹੜਾ ਆਦਮੀ ਖ਼ੁਸ਼ਹਾਲ ਹੋਵੇ ਉਸ ਨੂੰ (ਅਜਿਹੇ ਮਾਲ ਤੋਂ ਪੂਰਨ ਰੂਪ ਵਿਚ) ਸੰਕੋਚ ਕਰਨਾ ਚਾਹੀਦਾ ਹੈ। ਅਤੇ ਜਿਹੜਾ ਗ਼ਰੀਬ ਹੋਵੇ, ਉਹ ਉੱਚਿਤ ਤੌਰ 'ਤੇ (ਮੁਨਾਸਿਬ ਸੇਵਾ ਹਿੱਤ) ਕੁਝ ਲੈ ਲਵੇ ਤੇ ਜਦੋਂ ਉਹਨਾਂ ਦਾ ਮਾਲ ਉਹਨਾਂ ਦੇ ਹਵਾਲੇ ਕਰਨ ਲੱਗੋ ਤਾਂ ਗਵਾਹ ਬਣਾ ਲਿਆ ਕਰੋ। ਹਕੀਕਤ ਵਿਚ ਤਾਂ ਅੱਲਾਹ ਹੀ (ਗਵਾਹ ਅਤੇ) ਲੇਖਾ-ਜੋਖਾ ਲੈਣ ਲਈ ਕਾਫ਼ੀ ਹੈ। (6)

61-ਇਸਲਾਮ ਵਿਚ ਔਰਤ ਦਾ ਸਥਾਨ