ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋ ਸ਼ਬਦ

ਇਸਲਾਮ ਵਿਚ ਔਰਤ ਦਾ ਸਥਾਨ ਪੁਸਤਕ ਡਾ. ਮੁਹੰਮਦ ਜਮੀਲ ਦੁਆਰਾ ਪ੍ਰਸਤੁਤ ਇਕ ਅਜਿਹੀ ਕਿਤਾਬ ਹੈ ਜੋ ਇਸਲਾਮ ਧਰਮ ਵਿਚ ਔਰਤ ਦੇ ਮੁਕਾਮ ਬਾਰੇ ਸਪਸ਼ਟ ਤੌਰ 'ਤੇ ਝਾਤ ਪਾਉਂਦੀ ਹੈ। ਇਸ ਤੋਂ ਇਲਾਵਾ ਜੀਵਨ ਜਾਚ ਦੇ ਹਰ ਪਹਿਲੂ ਨੂੰ ਵੀ ਉਜਾਗਰ ਕਰਦੀ ਹੈ। ਇਸ ਪੁਸਤਕ ਦਾ ਆਗਾਜ਼ ਬਹੁ-ਤਰਤੀਬੀ ਢੰਗ ਨਾਲ ਇਸਲਾਮ ਧਰਮ, ਉਸ ਦੇ ਪਿਛੋਕੜ ਨੂੰ ਦਰਸਾਉਣ, ਇਸਲਾਮ, ਜਿਹਾਦ ਅਤੇ ਕੁਰਆਨ ਦੀ ਮੁੱਢਲੀ ਜਾਣਕਾਰੀ ਨਾਲ ਹੁੰਦਾ ਹੈ। ਔਰਤ ਦੇ ਸਥਾਨ ਨੂੰ ਦਰਸਾਉਂਦਿਆਂ ਔਰਤ ਸਬੰਧੀ ਦੁਨੀਆ ਦੇ ਵੱਖ ਵੱਖ ਧਰਮਾਂ ਦੀ ਨਜ਼ਰ 'ਚ ਵਿਅਕਤ ਕੀਤਾ ਗਿਆ ਹੈ। ਔਰਤ ਦੀ ਇਸਲਾਮ ਵਿਚ ਸਥਿਤੀ ਨੂੰ ਅੱਡੋ ਅੱਡ ਪਹਿਲੂਆਂ ਰਾਹੀਂ ਬਰੀਕਬੀਨੀ ਨਾਲ ਦਰਸਾਇਆ ਗਿਆ ਹੈ। ਔਰਤ ਦੇ ਹੱਕ, ਔਰਤ ਮਰਦ ਦੀ ਨਿਗਾਹ 'ਚ ਸਥਿਤੀ, ਔਰਤ ਦੇ ਅਖ਼ਤਿਆਰ, ਨਿਕਾਹ ਵੇਲੇ ਔਰਤ ਦੇ ਅਖ਼ਤਿਆਰ ਦਰਸਾਉਣ ਦੇ ਨਾਲ-ਨਾਲ ਮਰਦ ਦੇ ਹੱਕ, ਮਰਦ ਦਾ ਔਰਤ ਪ੍ਰਤੀ ਕਿਹੋ ਜਿਹਾ ਵਿਵਹਾਰ ਹੋਣਾ ਚਾਹੀਦਾ ਹੈ ਨੂੰ ਸਪਸ਼ਟ ਕੀਤਾ ਗਿਆ ਹੈ। ਮੰਗਣਾ, ਵਿਆਹ/ਨਿਕਾਹ ਸਬੰਧੀ ਲੜਕੀ ਨਾਲ ਸਲਾਹ ਮਸ਼ਵਰਾ, ਨਿਕਾਹ ਦੇ ਰਸਮ ਰਿਵਾਜ, ਨਿਕਾਹ ਦੀ ਅਹਿਮੀਅਤ 'ਤੇ ਬਰੀਕੀ ਨਾਲ ਰੌਸ਼ਨੀ ਪਾਈ ਗਈ ਹੈ। ਇਸ ਕਿਤਾਬ ਵਿਚ ਮਰਦ ਔਰਤ ਦੇ ਜੀਵਨ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਇਸਲਾਮ ਅਨੁਸਾਰ ਇਜ਼ਹਾਰ ਕੀਤਾ ਗਿਆ ਹੈ। ਸ਼ਾਦੀ/ਵਿਆਹ ਸਮੇਂ ਹੋ ਰਹੇ ਨਜਾਇਜ਼ ਖ਼ਰਚਿਆਂ ਤੋਂ ਸੰਕੋਚ ਕਰਨ ਦੇ ਪੱਖ ਨੂੰ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ ਅਤੇ ਸਾਦਗੀ ਭਰੇ ਜੀਵਨ ਨੂੰ ਗੁਜ਼ਾਰਨ ਲਈ ਪ੍ਰੇਰਿਆ ਹੈ। ਔਰਤ ਦੇ ਪਰਿਵਾਰਿਕ ਰਿਸ਼ਤੇ ਨਿਭਾਉਣ ਲਈ ਅਹਿਮ ਪਹਿਲੂਆਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਡਾ. ਜਮੀਲ ਅਨੁਸਾਰ ਔਰਤ ਹੀ ਪਰਿਵਾਰ ਅਤੇ ਨਿੱਗਰ ਸਮਾਜ ਨੂੰ ਜੋੜਨ ਵਿਚ ਅਹਿਮ ਕਿਰਦਾਰ ਨਿਭਾ ਸਕਦੀ ਹੈ। ਸਮਾਜਿਕ ਰਿਸ਼ਤੇ ਕਿਸ ਢੰਗ ਨਾਲ ਨਿਭਾਉਣੇ ਚਾਹੀਦੇ ਹਨ ਵਿਸ਼ੇ ਦਾ ਪੂਰਨ ਰੂਪ ਵਿਚ ਉਲੇਖ ਕੀਤਾ ਗਿਆ ਹੈ।

ਦਰਅਸਲ ਮਾਂ ਹੀ ਬੱਚੇ ਲਈ ਬੁਨਿਆਦੀ ਪਾਠਸ਼ਾਲਾ ਹੁੰਦੀ ਹੈ। ਸੱਚਾਈ, ਸੁਥਰਾਈ, ਪਾਕੀਜ਼ਗੀ ਅਤੇ ਅਖ਼ਲਾਕੀ ਕਦਰਾਂ ਕੀਮਤਾਂ ਬੱਚੇ ਨੇ ਮਾਂ ਤੋਂ ਹੀ ਗਹਿਣ ਕਰਨੀਆਂ ਹੁੰਦੀਆ ਹਨ। ਇਸ ਲਈ ਬੱਚੇ ਦਾ ਸੁਨਹਿਰਾ ਭਵਿੱਖ ਬਣਾਉਣ ਵਿਚ ਮਾਂ ਵਧੀਆ ਕਿਰਦਾਰ ਨਿਭਾ ਸਕਦੀ ਹੈ। ਔਰਤ ਦੇ ਵੱਖ ਵੱਖ ਰੂਪ ਜਿਵੇਂ ਬੇਟੀ, ਬਹੂ