ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੂੰ ਤਲਾਕ ਦੇ ਦੇਵੇ ਅਤੇ ਨਾਲੋਂ ਨਾਲ ਉਸ ਦਾ ਮਹਿਰ (ਨਿਕਾਹ ਵੇਲੇ ਪਤੀ ਵਲੋਂ ਨਿਰਧਾਰਤ ਤੋਹਫ਼ਾ) ਵੀ ਨਾ ਦੇਵੇ।

(ਮੁਸਤਰਕ ਹਾਕਿਮ)

ਸੁਣ ਲਓ ਤੁਹਾਡੇ ਵਿਚੋਂ ਹਰੇਕ ਇਨਸਾਨ ਨਿਗਰਾਨ ਹੈ। ਤੁਹਾਡੇ ਵਿਚੋਂ ਹਰੇਕ ਦੇ ਅਧੀਨ ਲੋਕਾਂ ਬਾਰੇ ਸਵਾਲ ਕੀਤਾ ਜਾਵੇਗਾ। ਇਮਾਮ ਜਿਹੜਾ ਲੋਕਾਂ ਦਾ ਹਾਕਮ ਹੁੰਦਾ ਹੈ, ਉਹ ਨਿਗਰਾਨ ਹੈ ਉਸ ਤੋਂ ਉਸ ਦੇ ਅਧੀਨ ਲੋਕਾਂ ਬਾਰੇ ਪੁੱਛਿਆ ਜਾਵੇਗਾ। ਆਦਮੀ ਆਪਣੇ ਘਰ ਵਾਲਿਆਂ ਦਾ ਨਿਗਰਾਨ ਹੈ ਅਤੇ ਉਸ ਦੇ ਅਧੀਨ ਲੋਕਾਂ ਬਾਰੇ ਪੁੱਛਿਆ ਜਾਵੇਗਾ। ਸੇਵਕ ਆਪਣੇ ਮਾਲਕ ਦੇ ਮਾਲ ਦਾ ਨਿਗਰਾਨ ਹੈ, ਉਸ ਤੋਂ ਉਸ ਦੇ ਮਾਲ ਬਾਰੇ ਪੁੱਛਿਆ ਜਾਵੇਗਾ। ਦੁਬਾਰਾ ਸੁਣ ਲਓ:

ਤੁਹਾਡੇ ਵਿਚੋਂ ਹਰੇਕ ਆਦਮੀ ਨਿਗਰਾਨ ਹੈ ਅਤੇ ਹਰੇਕ ਤੋਂ ਉਸ ਦੇ ਅਧੀਨ ਲੋਕਾਂ ਬਾਰੇ ਪੁੱਛਿਆ ਜਾਵੇਗਾ।

(ਬੁਖ਼ਾਰੀ)

ਜ਼ਨਾਕਾਰ ਔਰਤ ਦੀ ਕਮਾਈ ਗੰਦੀ ਅਤੇ ਨਪਾਕ ਹੈ।

(ਅਬੂ ਦਾਊਦ)

ਕੋਈ ਆਦਮੀ ਦੋ ਔਰਤਾਂ ਦੇ ਵਿਚਕਾਰ ਨਾ ਚੱਲੇ।

(ਅਬੂ ਦਾਊਦ)

ਪਤੀ-ਪਤਨੀ ਦੇ ਆਪਸੀ ਸਬੰਧਾਂ ਦੀ ਗੱਲਬਾਤ ਨੂੰ ਲੋਕਾਂ ਦੇ ਸਾਹਮਣੇ ਬਿਆਨ ਕਰਨ ਨੂੰ ਵੀ ਆਪ (ਸ.) ਨੇ ਮਨ੍ਹਾਂ ਫ਼ਰਮਾਇਆ ਹੈ।

ਆਪ ਦਾ ਫ਼ਰਮਾਨ ਹੈ ਕਿ ਜਿਵੇਂ ਰੱਬ ਦੇ ਹੱਕਾਂ ਨੂੰ ਅੱਖੋਂ ਪਰੋਖੇ ਕਰਨ ਵਾਲਾ ਮੁਜਰਿਮ ਅਤੇ ਪਾਪੀ ਹੈ ਇਸੇ ਤਰ੍ਹਾਂ ਪਤੀ ਪਤਨੀ ਦੇ ਆਪਸੀ ਹੱਕਾਂ ਤੋਂ ਲਾਪਰਵਾਹੀ ਅਤੇ ਕੋਤਾਹੀ ਕਰਨਾ ਵੀ ਅਜਿਹਾ ਜੁਰਮ ਹੈ ਜਿਸ ਸਬੰਧੀ ਰੱਬ ਦੇ ਦਰਬਾਰ ਵਿਚ ਪੁੱਛ-ਗਿੱਛ ਕੀਤੀ ਜਾਵੇਗੀ।

ਤੁਸੀਂ ਜੋ ਵੀ ਰੱਬ ਦੀ ਰਜ਼ਾ ਲਈ ਕਰਦੇ ਹੋ ਉਸ ਦਾ ਤੁਹਾਨੂੰ ਜ਼ਰੂਰ ਬਦਲਾ ਦਿੱਤਾ ਜਾਵੇਗਾ। ਇੱਥੋਂ ਤੱਕ ਕਿ ਤੁਸੀਂ ਉਹ ਬੁਰਕੀ ਜਿਹੜੀ ਆਪਣੀ ਪਤਨੀ ਦੇ ਮੂੰਹ ਵਿਚ ਪਾਉਂਦੇ ਹੋ ਉਸ ਦਾ ਵੀ ਬਦਲ ਦਿੱਤਾ ਜਾਵੇਗਾ।

(ਬੁਖ਼ਾਰੀ, ਮੁਸਲਿਮ)

ਜਿਹੜਾ ਦੀਨਾਰ ਤੁਸੀਂ ਰੱਬ ਦੇ ਰਾਹ ਵਿਚ ਖ਼ਰਚ ਕਰਦੇ ਹੋ ਅਤੇ ਜਿਹੜਾ ਕਿਸੇ ਗੁਲਾਮ ਨੂੰ ਰਿਹਾ ਕਰਵਾਉਣ ਵਿਚ ਖ਼ਰਚ ਕਰਦੇ ਹੋ, ਜਿਹੜਾ ਕਿਸੇ ਜ਼ਰੂਰਤਮੰਦ 'ਤੇ ਖ਼ਰਚ ਕੀਤਾ ਅਤੇ ਜਿਹੜਾ ਆਪਣੀ ਪਤਨੀ ਅਤੇ ਬਾਲ ਬੱਚਿਆਂ 'ਤੇ ਖ਼ਰਚ ਕੀਤਾ। ਇਹਨਾਂ ਸਾਰਿਆਂ ਵਿਚੋਂ ਉਸ ਦੀਨਾਰ ਦਾ ਖ਼ਰਚ ਕਰਨਾ ਵਧੀਆ ਹੈ ਜਿਸ ਨੂੰ ਤੁਸੀਂ ਆਪਣੀ ਪਤਨੀ ਜਾਂ ਬਾਲ-ਬੱਚਿਆਂ 'ਤੇ ਖ਼ਰਚ ਕੀਤਾ।

96-ਇਸਲਾਮ ਵਿਚ ਔਰਤ ਦਾ ਸਥਾਨ