ਸਮੱਗਰੀ 'ਤੇ ਜਾਓ

ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/100

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜੋਗੀਆਂ ਦਾ ਡੇਰਾ ਕਈ ਦਿਨ ਘੁੱਲਾਪੁਰ ਟਿਕਿਆ ਰਿਹਾ। ਸੋਹਣਾ ਦਿਨੇ ਡੇਰੇ ਵਲ ਗੇੜਾ ਮਾਰ ਕੇ ਜ਼ੈਨੀ ਦਾ ਚੰਦ ਜਿਹਾ ਪਿਆਰਾਂ ਮੁਖੜਾ ਤੱਕ ਜਾਂਦਾ ਤੇ ਰਾਤੀਂ ਮਸੀਤੇ ਜਾ ਸੌਂਦਾ। ਪਰ ਦੋ ਬੋਲ-ਪਿਆਰ ਭਰੇ ਮਾਖਿਓਂ-ਮਿੱਠੇ ਬੋਲ ਜ਼ੈਨੀ ਨਾਲ਼ ਸਾਂਝੇ ਨਾ ਕਰ ਸਕਿਆ। ਇਸ਼ਕ ਤੜਪਦਾ ਰਿਹਾ, ਹੁਸਨ ਮਚਲਦਾ ਰਿਹਾ।

ਏਧਰ ਜ਼ੈਨੀ ਨੂੰ ਕੋਈ ਪਤਾ ਨਹੀਂ ਸੀ ਕਿ ਕੋਈ ਉਹਦੀਆਂ ਰਾਹਾਂ ਨੂੰ ਚੜ੍ਹਦੇ ਸੂਰਜ ਸਿਜਦੇ ਕਰਦਾ ਹੈ, ਉਹਦੇ ਪੈਰਾਂ ਦੀ ਧੂੜ ਨਾਲ ਆਪਣੀ ਭੁੱਜਦੀ ਹਿੱਕੜੀ ਦੀ ਤਪਸ਼ ਠਾਰਦਾ ਹੈ।

ਸੋਹਣੇ ਦੀ ਮਾਂ ਨੂੰ ਸੋਹਣੇ ਦਾ ਹਰ ਰੋਜ਼ ਜੋਗੀਆਂ ਦੇ ਡੇਰੇ ਜਾਣਾ ਸੁਖਾਂਦਾ ਨਹੀਂ ਸੀ। ਉਹਨੇ ਉਸ ਨੂੰ ਸਮਝਾਉਣ ਦਾ ਬਹੁਤੇਰਾ ਯਤਨ ਕੀਤਾ:

ਸੋਹਣੇ ਨੂੰ ਮਾਂ ਹਟਕੇਂਦੀ,
ਬੱਚਿਆ ਛੱਡ ਦੇ ਖ਼ਿਆਲ ਇਸ ਜੋਗਣ ਦਾ,
ਇਹ ਫ਼ਕੀਰ ਸੈਲਾਨੀ ਵੱਗ ਜਾਸਣ ਅਜ ਭਲਕ ਨੂੰ।
ਪੱਛੋਤਾਸੇਂ ਤੇ ਹਾਲ ਵੰਜਈਸੇਂ
ਇਨ੍ਹਾਂ ਹੱਥ ਨਹੀਂ ਆਵਣਾ ਵੱਤ ਨੂੰ
ਯਰਾਨਾ ਪੱਖੀ ਵਾਸ ਦਾ ਠੀਕ ਨਹੀਂ ਹੋਂਦਾ
ਓਏ ਤੂੰ ਸਮਝ ਲੈ ਮੇਰੀ ਮੱਤ ਨੂੰ।

(ਵੱਲੂ ਰਾਮ ਬਾਜ਼ੀਗਰ)

ਪਰ ਸੋਹਣਾ ਪਿੱਛੇ ਹਟਣ ਵਾਲਾ ਕਿੱਥੇ ਸੀ। ਉਹਦਾ ਤਾਂ ਲੂੰ-ਲੂੰ ਜੈਨੀ ਲਈ ਤੜਪ ਰਿਹਾ ਸੀ:

ਮਗਰ ਜ਼ੈਨੀ ਦੇ ਜਾਸਾਂ
ਮੋੜਿਆਂ ਕਦੀ ਨਾ ਰਾਹਸਾਂ
ਭਾਵੇਂ ਪੀਵੇ ਨਚੋੜ ਬਦਨ ਦੀ ਰੱਤ ਨੂੰ
ਜਦੋਂ ਇਸ਼ਕ ਚਾ ਲਾਵੇ ਅੱਗ ਫਿਰਾਕ ਦੀ
ਬੁਝਾਇਆਂ ਨਹੀਂ ਬੁੱਝਦੀ
ਭਾਵੇਂ ਉੱਤੇ ਚਾ ਵਗਾਈਏ ਪਾਣੀ ਦੇ ਮੱਟ ਨੂੰ

(ਵੱਲੂ ਰਾਮ ਬਾਜ਼ੀਗਰ)

ਸੋਹਣੇ ਨੇ ਜ਼ੈਨੀ ਦੇ ਦੀਦਰ ਲਈ ਆਪਣੇ ਪਿੰਡ ਨੂੰ ਅਲਵਿਦਾ ਆਖ ਦਿੱਤੀ ਤੇ ਜੋਗੀਆਂ ਦੇ ਡੇਰੇ 'ਤੇ ਜਾ ਕੇ ਜ਼ੈਨੀ ਦੇ ਬਾਪ ਸਮਰ ਨਾਥ ਦੇ ਜਾ ਚਰਨੀਂ ਲੱਗਾ ਤੇ ਅਰਜ਼ ਗੁਜ਼ਾਰੀ, “ਮਾਈ ਬਾਪ ਤੁਸੀਂ ਹੀ ਮੇਰੇ ਸਭ ਕੁਝ ਹੋ। ਮੇਰਾ ਇਸ ਦੁਨੀਆਂ 'ਚ ਕੋਈ ਨਹੀਂ, ਨਾ ਮਾਂ ਨਾ ਬਾਪ ਨਾ ਕੋਈ ਘਰ ਘਾਟ! ਮੈਂ ਤਾਂ ਦੋ ਡੰਗ ਦੀ ਰੋਟੀ ਤੋਂ ਵੀ ਆਤੁਰ ਆਂ ਮੈਂ ਤੁਹਾਡੀ ਹਰ ਖ਼ਿਦਮਤ ਕਰਨ ਲਈ ਤਿਆਰ ਹਾਂ...।"

ਸਮਰ ਨਾਥ ਨੂੰ ਸੋਹਣੇ ਦੀ ਆਜਜ਼ੀ 'ਤੇ ਤਰਸ ਆ ਗਿਆ-ਉਹ ਆਪ ਨਰਮ ਹਿਰਦੇ ਵਾਲਾ ਪੁਰਸ਼ ਸੀ।

84/ ਇਸ਼ਕ ਸਿਰਾਂ ਦੀ ਬਾਜ਼ੀ