ਸਮੱਗਰੀ 'ਤੇ ਜਾਓ

ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੁੱਜੀ। ਉਹ ਸਾਰੀ ਰਾਤ ਕਈ ਇਕ ਬੂਟੀਆਂ ਸੋਹਣੇ ਦੇ ਸਰੀਰ 'ਤੇ ਮਲ਼ਦੀ ਰਹੀ। ਬੂਟੀਆਂ ਦੀ ਤਾਸੀਰ ਹੀ ਕੁਝ ਅਜਿਹੀ ਸੀ ਕਿ ਉਹ ਪਹੁ-ਫੁਟਾਲੇ ਤਕ ਸੂਰਤ ਵਿੱਚ ਆ ਗਿਆ। ਉਸ ਆਪਣੇ ਆਪ ਨੂੰ ਜ਼ੈਨੀ ਦੀ ਗੋਦੀ ਵਿੱਚ ਵੇਖਿਆ ਤੇ ਬੋਲਿਆ, “ਜ਼ੈਨੀਏ! ਮੈਂ ਜੰਨਤ ਵਿੱਚ ਹਾਂ। ਕਿਧਰੇ ਮੈਂ ਸੁਪਨਾ ਤਾਂ ਨਹੀਂ ਵੇਖਦਾ ਪਿਆ।"

“ਸੋਹਣਿਆਂ ਸ਼ੁਕਰ ਏ ਖ਼ੁਦਾ ਦਾ, ਜਾਨ ਬਚ ਗਈ ਏ। ਵੇਲਾ ਗੱਲਾਂ ਕਰਨ ਦਾ ਨਹੀਂ। ਚਲ ਹਿੰਮਤ ਤੋਂ ਕੰਮ ਲੈ। ਤੁਰ ਚੱਲ ਕਿਧਰੇ ਵੈਰੀ ਨਾ ਆ ਜਾਣ।”

“ਜ਼ੈਨੀਏ ਜਾ ਪਿੱਛੇ ਮੁੜ ਜਾ, ਉਹ ਤੈਨੂੰ ਨਹੀਂ ਛੱਡਣਗੇ। ਜਾਹ ਰੱਬ ਦੇ ਵਾਸਤੇ ਡੇਰੇ ਨੂੰ ਮੁੜ ਜਾ।" ਸੋਹਣੇ ਨੇ ਆਪਣੇ ਆਪ ਨੂੰ ਸੰਭਾਲਿਆ।

“ਸੋਹਣਿਆਂ ਬਹੁਤ ਹੋ ਗਈ। ਉਹ ਤੇਰੀ ਰੱਤ ਦੇ ਪਿਆਸੇ ਹਨ, ਤੈਨੂੰ ਜਿਊਂਦੇ ਨੂੰ ਨਹੀਂ ਛੱਡਣਗੇ। ਮੈਂ ਤੇਰੇ ਬਿਨਾਂ ਇਕ ਪਲ ਵੀ ਨਹੀਂ ਜਾ ਸਕਦੀ। ਚਲ ਮੈਨੂੰ ਆਪਣੇ ਦੇਸ ਲੈ ਚੱਲ।”

ਜੋਗੀਆਂ ਦੇ ਡੇਰੇ ਵਿਚੋਂ ਵਜਦੇ ਢੋਲਾਂ ਦੀ ਆਵਾਜ਼ ਆਉਂਦੀ ਪਈ ਸੀ ਤੇ ਉਨ੍ਹਾਂ ਦੇ ਖ਼ੁਸ਼ੀਆਂ ਭਰੇ ਗੀਤਾਂ ਦੇ ਬੋਲ ਹਵਾਵਾਂ ਵਿੱਚ ਸੁਗੰਧੀ ਬਖੇਰਦੇ ਪਏ ਸਨ। ਏਧਰ ਸੋਹਣਾ ਤੇ ਜ਼ੈਨੀ ਆਪਣੀਆਂ ਬਾਹਵਾਂ ਵਿੱਚ ਬਾਹਵਾਂ ਪਾਈ ਜ਼ਿੰਦਗੀ ਦੇ ਸਫ਼ਰ 'ਤੋਂ ਤੁਰੇ ਜਾ ਰਹੇ ਸਨ। ਊਸ਼ਾ ਉਨ੍ਹਾਂ ਦੇ ਸੁਆਗਤ ਵਿੱਚ ਸੁਨਹਿਰੀ ਕਿਰਨਾਂ ਦਾ ਮੀਂਹ ਵਰਸਾ ਰਹੀ ਸੀ।


88/ ਇਸ਼ਕ ਸਿਰਾਂ ਦੀ ਬਾਜ਼ੀ