ਸਮੱਗਰੀ 'ਤੇ ਜਾਓ

ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/14

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇਹ ਲੋਕ ਮਾਨਸ ਦੇ ਚੇਤਿਆਂ 'ਚ ਸਾਂਭੀਆਂ ਹੋਈਆਂ ਸਨ। ਲੋਕ ਚੇਤਿਆਂ ਤੋਂ ਇਨ੍ਹਾਂ ਨੂੰ ਸੁਣਕੇ ਮਧਕਾਲ ਦੇ ਕਿੱਸਾਕਾਰਾਂ ਨੇ ਇਹਨਾਂ ਨੂੰ ਆਪਣੇ ਕਿੱਸਿਆਂ ਵਿੱਚ ਰੂਪਮਾਨ ਕੀਤਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਇਹ ਕਿੱਸੇ ਉਪਲਬਧ ਹਨ। ਵਾਰਸ ਦੀ ਹੀਰ, ਪੀਲੂ ਦਾ ਮਿਰਜ਼ਾ, ਹਾਸ਼ਮ ਦੀ ਸੱਸੀ ਅਤੇ ਫਜ਼ਲ ਸ਼ਾਹ ਦੀ ਸੋਹਣੀ ਪੰਜਾਬੀ ਸਾਹਿਤ ਦੀਆਂ ਅਮਰ ਰਚਨਾਵਾਂ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਜਨ ਜੀਵਨ ਦੀ ਝਲਕ ਸਾਫ਼ ਦਿਸ ਆਉਂਦੀ ਹੈ।

ਇਨ੍ਹਾਂ ਪ੍ਰਮੁੱਖ ਪ੍ਰੀਤ ਗਾਥਾਵਾਂ ਤੋਂ ਇਲਾਵਾ ਸਥਾਨਕ ਇਲਾਕਿਆਂ ਦੀਆਂ ਪ੍ਰੀਤ ਕਥਾਵਾਂ ਰੋਡਾ ਜਲਾਨੀ, ਕਾਕਾ ਪਰਤਾਪੀ, ਸੋਹਣਾ-ਜੈਨੀ ਅਤੇ ਇੰਦਰ ਬੇਗੋ ਪੰਜਾਬੀ ਲੋਕ ਮਾਨਸ ਦੀਆਂ ਹਰਮਨ ਪਿਆਰੀਆਂ ਪ੍ਰੀਤ ਕਹਾਣੀਆਂ ਹਨ ਜਿਨ੍ਹਾਂ ਨੂੰ ਅਨੇਕਾਂ ਲੋਕ ਕਵੀਆਂ ਨੇ ਅਪਣੇ ਕਿੱਸਿਆਂ ਵਿੱਚ ਸਾਂਭਿਆ ਹੋਇਆ ਹੈ।

ਮੱਧਕਾਲ ਦੀਆਂ ਇਹਨਾਂ ਮੁਹੱਬਤੀ ਰੂਹਾਂ ਨੇ ਆਪਣੀ ਮੁਹੱਬਤ ਅਥਵਾ ਪਿਆਰ ਦੀ ਪੂਰਤੀ ਲਈ ਉਸ ਸਮੇਂ ਦੇ ਸਮਾਜ ਦਾ ਬੜੀ ਬਹਾਦਰੀ ਨਾਲ ਟਾਕਰਾ ਹੀ ਨਹੀਂ ਕੀਤਾ ਬਲਕਿ ਸਮਾਜਕ ਅਤੇ ਧਾਰਮਕ ਵਰਜਣਾ, ਮਨਾਹੀਆਂ ਅਤੇ ਬੰਦਸ਼ਾਂ ਨੂੰ ਤੋੜਕੇ ਅਪਣੀਆਂ ਜਾਨਾਂ ਤਕ ਵਾਰ ਦਿੱਤੀਆਂ ਹਨ। ਅਸਲ ਵਿੱਚ ਉਹਨਾਂ ਨੇ ਆਪਣੇ ਤੌਰ ਤੇ ਬਖਸ਼ੀ ਆਜ਼ਾਦੀ ਦੀ ਲੜਾਈ ਲੜਕੇ ਇਤਿਹਾਸ ਸਿਰਜਿਆ ਹੈ। ਲੋਕ ਨਾਇਕ ਵਜੋਂ ਨਿਭਾਏ ਇਤਿਹਾਸਕ ਰੋਲ ਕਰਕੇ ਹੀ ਪੰਜਾਬ ਦਾ ਲੋਕ ਮਾਨਸ ਉਹਨਾਂ ਨੂੰ ਅਪਣੇ ਚੇਤਿਆਂ ਵਿੱਚ ਵਸਾਈ ਬੈਠਾ ਹੈ ਤੇ ਅੱਜ ਵੀ ਸਾਂਦਲ ਬਾਰ ਦੇ ਲੋਕ ਹੀਰ ਨੂੰ 'ਮਾਈ ਹੀਰ' ਅਤੇ ਰਾਂਝੇ ਨੂੰ 'ਮੀਆਂ ਰਾਂਝੇ' ਦੇ ਲਕਬ ਨਾਲ਼ ਯਾਦ ਕਰਦੇ ਹਨ।

ਲੋਕ ਗਾਥਾਵਾਂ ਪੰਜਾਬੀ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ। ਇਹਨਾਂ ਵਿੱਚ ਪੰਜਾਬ ਦੀ ਆਤਮਾ ਵਿਦਵਾਨ ਹੈ। ਇਹ ਚਸ਼ਮੇ ਦੀ ਪਾਣੀ ਵਾਂਗ ਅੱਜ ਵੀ ਸਜਰੀਆਂ ਹਨ।

ਪੀਤ ਗਾਥਾਵਾਂ ਨੂੰ ਕੇਵਲ ਪੰਜਾਬੀ ਕਿੱਸਾਕਾਰਾਂ ਨੇ ਹੀ ਆਪਣੀਆਂ ਰਚਨਾਵਾਂ ਦਾ ਆਧਾਰ ਨਹੀਂ ਬਣਾਇਆ ਬਲਿਕ ਪੰਜਾਬ ਦੇ ਲੋਕ ਮਾਨਸ ਵਿਸ਼ੇਸ਼ ਕਰਕੇ ਪੰਜਾਬ ਦੀਆਂ ਮੁਟਿਆਰਾਂ ਨੇ ਵੀ ਪ੍ਰੀਤ ਨਾਇਕਾਂ ਬਾਰੇ ਸੈਂਕੜੇ ਲੋਕ ਗੀਤਾਂ ਦੀ ਸਿਰਜਣਾ ਕੀਤੀ ਹੈ ਜਿਨ੍ਹਾਂ ਨੂੰ ਆਧਾਰ ਬਣਾ ਕੇ ਇਹ ਪ੍ਰੀਤ ਗਾਥਾਵਾਂ ਪਾਠਕਾਂ ਦੇ ਰੂ-ਬ-ਰੂ ਕੀਤੀਆਂ ਜਾ ਰਹੀਆਂ ਹਨ।


20 ਸਤੰਬਰ, 2017

ਸੁਖਦੇਵ ਮਾਦਪੁਰੀ
ਸਮਾਧੀ ਰੋਡ,ਖੰਨਾ
ਜ਼ਿਲ੍ਹਾ ਲੁਧਿਆਣਾ
ਮੋ.9463034472

(x)