ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/16

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਲੋਕ-ਕਥਾਵਾਂ ਕਰ ਇੱਕਠੀਆਂ, ਤੈਂ ਜਦ ਪ੍ਰਕਾਸ਼ਤ ਕਰਵਾਈਆਂ।
ਤਾਂ ਸਾਨੂੰ ਸਤਿਆਰਥੀ ਚੇਤੇ ਆਏ, ਉਹ ਤੈਨੂੰ ਦੇਣ ਵਧਾਈਆਂ।
ਤੂੰ ਅਣਥੱਕ ਰਾਹੀਂ, ਰਾਹ ਦੁਸੇਰੇ; ਚੱਲ ਚੱਲ ਮੰਜ਼ਿਲ ਪਾਈ;
ਤੈਨੂੰ, ਤਾਂ ਹੀ, ਤੇਰੇ ਪਿਆਰੇ ਪਾਠਕ, ਦੇਵਣ ਸਦਾ ਥਾਪੜੀਆਂ॥

ਲੱਭ ਸ਼ਗਨਾਂ ਦੇ ਗੀਤ ਪਿਆਰੇ, ਤੈਂ ਵਣਜ ਦਿਲਾਂ ਦੇ ਕੀਤੇ।
ਤੈਂ "ਪੰਜਾਬੀ-ਬੁਝਾਰਤ-ਕੋਸ਼" ਬਣਾਇਆ, ਜ਼ਖ਼ਮ ਪੁਰਾਣੇ ਸੀਤੇ।
ਮਹਿਕ ਪੰਜਾਬ ਦੀ ਜਦ ਵੀ ਤੈਂ, ਆਪ ਹੰਢਾਈ ਅਲਬੇਲੀ;
ਸਭਿਆਚਾਰ ਪੰਜਾਬੀ-ਦਰਪਨ ਵਿੱਚ ਪਾ ਆਪੇ ਝਾਤੜੀਆਂ॥

'ਵਰਾਸਤੀ ਮੇਲ ਤਿਥ-ਤਿਉਹਾਰ ਤੈਂ ਸਾਨੂੰ ਮੁੜ ਯਾਦ ਕਰਾਏ।
ਲੋਕ-ਸਿਆਣਪਾਂ ਦੇ ਤੱਤ ਅਨੋਖੇ, ਤੈਂ ਮੁੜਕੇ ਅਰਥਾਏ।
ਬਾਲ ਸਾਹਿੱਤ ਲਿਖ ਯਸ ਖੱਟਿਆਸ਼ ਸਰਕਾਰ ਨੇ ਸ਼ੋਭਾ ਕੀਤੀ;
ਤੇਰੇ ਅੰਦਰ ਜੀ ਲੋਕ ਗੀਤਾਂ ਨੇ, ਲਾਈਆਂ ਖੂਬ ਚੁਆਤੜੀਆਂ॥

ਤੇਰਾ ਇੱਕੋ ਨਾਟਕ ਪਰਾਇਆ ਧਨ, ਨਵੇਂ ਦਏ ਸੁਨੇਹੜੇ।
ਤੈਂ ਸਤਿਗੁਰ ਰਾਮ ਸਿੰਘ ਜੀ ਦਾ ਅਭਿਨੰਦਨ ਕੀਤਾ, ਜਾ ਕੇ ਉਸ ਦੇ ਵਿਹੜੇ।
ਤੇਰਾ ਜਾਦੂ ਸਾਹਿਤ ਦੇ ਹਰ ਕਾਰਜ ਅੰਦਰ, ਸਿਰ ਚੜ੍ਹਕੇ ਜੀ ਬੋਲੇ;
ਤਾਂ ਹੀ ਤੇਰੇ ਪਾਠਕ ਤੈਨੂੰ ਵੱਡਿਆਉਂਦੇ ਪਾ ਪਾ ਕੇ ਜੀ ਪਾਤੜੀਆਂ॥

ਤੇਰੀ ਲਗਨ, ਖੋਜੀ ਬਣਨ ਦੀ ਅਣਥੱਕੀ, ਤੇਰੇ ਜਜ਼ਬੇ ਲਾਸਾਨੀ ਲਰਜਾਵਣ।
ਦੂਰ ਤੋਂ ਚੱਲਿਆ ਸਾਹਿੱਤ-ਪ੍ਰੇਮੀ, ਸਭ ਤੇਰੀ ਸੰਗਤ ਪਾਵਣ।
ਸਿਦਕ ਤੇਰੇ ਦੀਆਂ ਮਹਿਕਾਂ ਪਾ, ਪਾ ਲੋਕੀ ਟਹਿਕਣ ਮਹਿਕਣ;
ਨੱਚਦੇ ਟੱਪਦੇ ਬੋਲੀਆਂ ਪਾ ਪਾ, ਨਾਲ਼ੇ ਪਾਵਣ ਬਾਤੜੀਆਂ॥

ਤੂੰ ਸੱਚ-ਮੁੱਚ ਮਹਿਕ-ਪੰਜਾਬ ਦੀ ਆਪਣਾ ਵਿਰਸਾ ਤੈਂ ਮਹਿਕਾਇਆ।
ਸਾਂਭੇ-ਮੋਤੀ-ਹੀਰੇ ਬਿਖਰੇ; ਜਿੰਨਾਂ ਲੱਭਿਆ ਤੇ ਮੁੱਲ ਪਾਇਆ।
ਤੈਂ ਆਪਣੇ ਸਭ ਕਾਰਜ ਕੀਤੇ; ਲੈ ਅੰਗੜਾਈ, ਖੋਜੀ ਬਣਕੇ;
ਮੈਂ ਕੋਮਲ ਜੋ ਗੱਲਾਂ ਲਿਖੀਆਂ, ਝੂਠ ਨਹੀਂ, ਸਭ ਸਾਚੜੀਆਂ॥
-ਡਾ.ਅਮਰ ਕੋਮਲ

(xii)