ਸਮੱਗਰੀ 'ਤੇ ਜਾਓ

ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/35

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ




ਗੋਰੀ ਦਾ ਪੁੰਨੂੰ

ਨਾਜ਼ਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ ਸ਼ਿੰਗਾਰੇ
ਬਾਲੂ ਰੇਤ ਤਪੇ ਵਿੱਚ ਥਲ ਦੇ
ਜਿਊਂ ਸੌਂ ਭੁੰਨਣ ਭੱਠਿਆਰੇ
ਸੂਰਜ ਭੱਜ ਵੜਿਆ ਵਿੱਚ ਬਦਲੀਂ
ਡਰਦਾ ਲਿਸ਼ਕ ਨਾ ਮਾਰੇ
ਹਾਸ਼ਮ ਵੇਖ ਯਕੀਨ ਸੱਸੀ ਦਾ
ਸਿਦਕੋਂ ਮੂਲ ਨਾ ਹਾਰੇ।

ਸੱਸੀ ਪੁੰਨੂੰ ਸਿੰਧ ਦੇ ਇਲਾਕੇ ਦੀ ਪ੍ਰੀਤ ਕਥਾ ਹੈ। ਕਹਿੰਦੇ ਹਨ ਕੋਈ ਸੱਤ ਕੁ ਸੌ ਵਰੇ ਪਹਿਲਾਂ ਭੰਬੋਰ ਸ਼ਹਿਰ ਵਿਖੇ ਰਾਜਾ ਆਦਿਮ ਖਾਨ ਰਾਜ ਕਰਦਾ ਸੀ। ਬੰਦਾ ਬੜਾ ਨੇਕ ਬਖਤ ਸੀ ਪਰ ਉਸ ਦੇ ਘਰ ਔਲਾਦ ਕੋਈ ਨਾ ਸੀ। ਕਈ ਮੰਨਤਾਂ ਮੰਨ ਕੇ ਆਖਰ ਇਕ ਧੀ ਨੇ ਉਹਦੇ ਘਰ ਜਨਮ ਲਿਆ। ਧੀ ਦਾ ਨਾਂ ਉਨ੍ਹਾਂ ਸੱਸੀ ਰੱਖਿਆ। ਉਸ ਸਮੇਂ ਦੇ ਰਿਵਾਜ ਅਨੁਸਾਰ ਰਾਜੇ ਨੇ ਨਜੂਮੀਆਂ ਪਾਸੋਂ ਸੱਸੀ ਦੇ ਭਵਿਖਤ ਬਾਰੇ ਪੁੱਛਿਆ। ਉਨਾਂ ਵਹਿਮ ਪਾ ਦਿੱਤਾ ਕਿ ਸੱਸੀ ਆਪਣੀ ਜਵਾਨੀ ਦੇ ਦਿਨਾਂ ਵਿੱਚ ਇਕ ਮਨਚਲੇ ਨੌਜਵਾਨ ਪਿੱਛੇ ਥਲਾਂ ਵਿੱਚ ਮਰ ਜਾਵੇਗੀ। ਰਾਜੇ ਨੇ ਆਪਣੀ ਬਦਨਾਮੀ ਤੋਂ ਡਰਦਿਆਂ ਪਹਿਲਾਂ ਸੱਸੀ ਨੂੰ ਜ਼ਹਿਰ ਦੇਣਾ ਚਾਹਿਆ ਪਰ ਮਗਰੋਂ ਉਹਨੂੰ ਇਕ ਸੰਦੁਕ ਵਿੱਚ ਬੰਦ ਕਰਕੇ ਦਰਿਆ ਸਿੰਧ ਵਿੱਚ ਰੋੜ੍ਹ ਦਿੱਤਾ।

ਭੰਬੋਰ ਸ਼ਹਿਰ ਤੋਂ ਬਾਹਰ ਅੱਤਾ ਨਾਮੀ ਧੋਬੀ ਕਪੜੇ ਧੋ ਰਿਹਾ ਸੀ। ਰੁੜ੍ਹਦਾ ਜਾਂਦਾ ਸੰਦੁਕ ਉਹਦੀ ਨਿਗਾਹ ਪਿਆ। ਸੰਦੁਕ ਉਹਨੇ ਫੜ ਲਿਆ। ਕੀ ਵੇਖਦੇ ਹਨ-ਇਕ ਪਿਆਰਾ ਬੱਚਾ ਵਿੱਚ ਪਿਆ ਅੰਗੂਠਾ ਚੁੰਘ ਰਿਹਾ ਹੈ । ਧੋਬੀ ਦੇ ਕੋਈ ਔਲਾਦ ਨਹੀਂ ਸੀ! ਬੱਚਾ ਪ੍ਰਾਪਤ ਕਰਕੇ ਧੋਬੀ ਅਤੇ ਧੋਬਣ ਨੇ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ ਅਤੇ ਇਸ ਨੂੰ ਰੱਬੀ ਦਾਤ ਸਮਝ ਕੇ ਉਹਦੀ ਪਾਲਣਾ ਕਰਨ ਲੱਗੇ। ਉਹ ਇਹ ਨਹੀਂ ਸੀ ਜਾਣਦੇ ਕਿ ਇਹ ਭੰਬੋਰ ਦੇ ਹਾਕਮ ਦੀ ਬੇਟੀ ਹੈ।

ਸੱਸੀਂ ਧੋਬੀਆਂ ਦੇ ਘਰ ਜਵਾਨ ਹੋ ਗਈ। ਉਹਦੇ ਹੁਸਨ ਦੀ ਚਰਚਾ ਘਰ ਘਰ ਹੋਣ ਲੱਗ ਪਈ। ਰਾਜੇ ਦੇ ਕੰਨੀ ਵੀ ਏਸ ਦੀ ਭਣਿਕ ਪੈ ਗਈ। ਉਹਨੂੰ ਮਹਿਲੀਂ ਸੱਦਿਆ ਗਿਆ ਪਰੰਤੂ ਸੱਸੀ ਨੇ ਆਪੂੰ ਜਾਣ ਦੀ ਥਾਂ ਆਪਣੇ ਗਲ਼ ਦਾ ਤਵੀਤ ਘੱਲ ਦਿੱਤਾ। ਰਾਜੇ ਨੇ ਤਵੀਤ ਪਛਾਣ ਲਿਆ। ਆਦਿਮ ਖਾਨ ਆਪ ਚਲ ਕੇ ਧੋਬੀਆਂ ਦੇ ਘਰ ਆਇਆ ਪਰ ਸੱਸੀ ਮਹਿਲੀਂ ਜਾਣ ਲਈ ਤਿਆਰ ਨਾ ਹੋਈ।

ਭੰਬੋਰ ਸ਼ਹਿਰ ਵਿੱਚ ਇਕ ਰਸੀਏ ਸੁਦਾਗਰ ਦਾ ਬੜਾ ਸ਼ਾਨਦਾਰ ਮਹਿਲ ਪਵਾਇਆ

19/ ਇਸ਼ਕ ਸਿਰਾਂ ਦੀ ਬਾਜ਼ੀ