ਸਮੱਗਰੀ 'ਤੇ ਜਾਓ

ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/36

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹੋਇਆ ਸੀ। ਉਸ ਮਹਿਲ ਦੇ ਇਕ ਕਮਰੇ ਵਿੱਚ ਸਾਰੇ ਦੇਸਾਂ ਦੇ ਸ਼ਾਹਿਜ਼ਾਦਿਆਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ। ਸਾਰਾ ਸ਼ਹਿਰ ਉਨ੍ਹਾਂ ਨੂੰ ਵੇਖ ਰਿਹਾ ਸੀ। ਸੱਸੀ ਵੀ ਆਪਣੀਆਂ ਸਹੇਲੀਆਂ ਸਮੇਤ ਉੱਥੇ ਪੁੱਜੀ। ਪਰ ਉਹ ਇਕ ਪਿਆਰਾ ਮੁਖੜਾ ਵੇਖ ਆਪਣਾ ਦਿਲ ਦੇ ਬੈਠੀ। ਇਹ ਤਸਵੀਰ ਬਲੋਚਿਸਤਾਨ ਦੇ ਇਲਾਕੇ ਮਿਕਰਾਨ ਦੇ ਸ਼ਾਹਜ਼ਾਦੇ ਪੁੰਨੂੰ ਦੀ ਸੀ।

ਮਿਕਰਾਨ ਦੇ ਸੌਦਾਗਰ ਭੰਬੋਰ ਆਮ ਵਪਾਰ ਲਈ ਆਇਆ ਕਰਦੇ ਸਨ। ਉਹ ਪੁੰਨੂੰ ਪਾਸ ਸੱਸੀ ਦੇ ਹੁਸਨ ਦੀਆਂ ਬਾਤਾਂ ਪਾਉਂਦੇ। ਪੁੰਨੂੰ ਸੱਸੀ ਨੂੰ ਬਿਨਾਂ ਵੇਖੋ ਉਸ ਤੇ ਮੋਹਤ ਹੋ ਗਿਆ ਤੇ ਇਕ ਦਿਨ ਕਾਫਲੇ ਨਾਲ ਆਪਣੇ ਮਾਪਿਆਂ ਤੋਂ ਚੋਰੀ ਭੰਬੋਰ ਆਣ ਪੁੱਜਾ ਤੇ ਸੱਸੀ ਦੇ ਬਾਪ ਕੋਲ ਆ ਨੌਕਰ ਹੋਇਆ। ਸੱਸੀ ਪੁੰਨੂੰ ਪਿਆਰ ਮਿਲਣੀਆਂ ਮਾਣਦੇ ਰਹੇ ਅਤੇ ਭੰਬੋਰ ਸ਼ਹਿਰ ਵਿੱਚ ਉਨ੍ਹਾਂ ਦਾ ਪਿਆਰ ਮਹਿਕਾਂ ਵੰਡਦਾ ਰਿਹਾ।

ਪੁੰਨੂੰ ਦੇ ਭਰਾ ਉਸ ਨੂੰ ਲੱਭਦੇ ਲੱਭਦੇ ਭੰਬੋਰ ਜਾ ਪੁੱਜੇ। ਉਹ ਰਾਤ ਸੱਸੀ ਦੇ ਘਰ ਠਹਿਰੇ। ਰਾਤ ਸਮੇਂ ਉਨ੍ਹਾਂ ਨੇ ਪੁੰਨੂੰ ਨੂੰ ਨਸ਼ੇ ਵਿੱਚ ਬੇਹੋਸ਼ ਕਰਕੇ ਡਾਚੀ ਤੇ ਲੱਦ ਲਿਆ ਤੇ ਰਾਤੋਂ ਰਾਤ ਆਪਣੇ ਸ਼ਹਿਰ ਨੂੰ ਚਾਲੇ ਪਾ ਲਏ।

ਸੱਸੀ ਦੀ ਸਵੇਰੇ ਜਾਗ ਖੁਲ੍ਹੀ। ਵੱਖਿਆ ਉਹਦਾ ਪੁੰਨੂੰ ਉੱਥੇ ਹੈ ਨਹੀਂ ਸੀ। ਉਹ ਮਗਰੋ ਡਾਚੀ ਦਾ ਖੁਰਾ ਫੜਦੀ ਨੱਸ ਟੁਰੀ ਤੇ ਸ਼ਹਿਰਾ ਦੇ ਤਪਦੇ ਰੇਤ ਵਿੱਚ ਪੁੰਨੂੰ-ਪੁੰਨੂੰ ਕੂਕਦੀ ਮਰ ਗਈ।

ਦੂਜੇ ਬੰਨੇ ਸਵੇਰ ਸਾਰ ਪੁੰਨੂੰ ਨੂੰ ਹੋਸ਼ ਪਰਤੀ। ਉਹਨੇ ਡਾਚੀ ਉੱਪਰੋਂ ਛਾਲ ਮਾਰ ਦਿੱਤੀ ਤੇ ਓਸੇ ਪੈਰੀਂ ਵਾਪਸ ਮੁੜ ਪਿਆ। ਅੱਗ ਵਰ੍ਹਾਉਂਦੇ ਮਾਰੂਥਲ ਵਿੱਚ ਉਹ ਤੜਪਦੀ ਸੱਸੀ ਪਾਸ ਪੁੱਜਾ ਤੇ ਉਸ ਦੇ ਨਾਲ ਹੀ ਪਰਾਣ ਤਿਆਗ ਦਿੱਤੇ।

ਪੰਜਾਬ ਦੀ ਗੋਰੀ ਦੇ ਮਨ ਉੱਤੇ ਇਸ ਦਰਦਾਂ ਭਰੀ ਕਹਾਣੀ ਦਾ ਅਮਿਟ ਪਰਭਾਵ ਪਿਆ ਹੈ। ਉਸ ਨੇ ਪੁੰਨੂੰ ਨੂੰ ਬੇਹੋਸ਼ ਕਰਕੇ ਸੱਸੀ ਪਾਸੋਂ ਚੋਰੀਂ ਜ਼ਬਰਦਸਤੀ ਲਜਾਏ ਜਾਣ ਦੇ ਵਿਰਤਾਂਤ ਨੂੰ ਬੜੇ ਦਿਲ ਵਿੰਨ੍ਹਵੇਂ ਸ਼ਬਦਾਂ ਵਿੱਚ ਉਲੀਕਿਆ ਹੈ।

ਚਰਖਾ ਕਤੇਂਦੀ ਗੋਰੀ ਨੂੰ ਆਪਣੇ ਪੁੰਨੂੰ ਦੀ ਯਾਦ ਆ ਜਾਂਦੀ ਹੈ:

ਲਠ ਚਰਖੇ ਦੀ ਹਿਲਦੀ ਜੁਲਦੀ
ਮਾਲ੍ਹਾਂ ਬਾਹਲੀਆਂ ਖਾਵੇ
ਸਭਨਾਂ ਸਾਈਆਂ ਨੇ ਭਰ ਲਏ ਛਿੱਕੂ
ਮੈਥੋਂ ਕੱਤਿਆ ਮੂਲ ਨਾ ਜਾਵੇ
ਚਰਖਾ ਕਿਵੇਂ ਕੱਤਾਂ
ਮੇਰਾ ਮਨ ਪੁੰਨੂੰ ਵਲ ਧਾਵੇ।

ਤ੍ਰਿੰਜਣ ਕੱਤਦੀਆਂ ’ਚ ਕੋਈ ਜਣੀ ਸੱਸੀ ਪੁੰਨੂੰ ਦਾ ਗੀਤ ਛੂਹ ਬਹਿੰਦੀ ਹੈ:

ਉੱਚੀਆਂ ਲੰਬੀਆਂ ਟਾਹਲੀਆਂ
ਵਿੱਚ ਗੁਜਰੀ ਦੀ ਪੀਂਘ ਵੇ ਮਾਹੀਆ
ਪੀਂਘ ਝੁਟੈਂਦੇ ਦੋ ਜਣੇ

20/ ਇਸ਼ਕ ਸਿਰਾਂ ਦੀ ਬਾਜ਼ੀ