ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਸ਼ਕ ਤੇ ਮਾਸ਼ੂਕ ਵੇ ਮਾਹੀਆ
ਪੀਂਘ ਝੁਟੈਂਦੇ ਢਹਿ ਪਏ
ਹੋ ਗਏ ਚਕਨਾ ਚੂਰ ਵੇ ਮਾਹੀਆ
ਸੱਸੀ ਤੇ ਪੁੰਨੂੰ ਰਲ ਸੁੱਤੇ
ਮੁੱਖ ਤੇ ਪਾ ਕੇ ਰੁਮਾਲ ਵੇ ਮਾਹੀਆ
ਸੱਸੀ ਜੁ ਪਾਸਾ ਮੋੜਿਆ
ਪੁੰਨੂੰ ਤਾਂ ਹੈ ਨੀ ਨਾਲ ਵੇ ਮਾਹੀਆ
ਜੇ ਮੈਂ ਹੁੰਦੀ ਜਾਗਦੀ
ਜਾਂਦੇ ਨੂੰ ਲੈਂਦੀ ਮੋੜ ਵੇ ਮਾਹੀਆ
ਮਗਰੇ ਸੱਸੀ ਤੁਰ ਪਈ
ਮੈਂ ਵੀ ਚਲਸਾਂ ਤੋੜ ਵੇ ਮਾਹੀਆ

ਗੀਤ ਸੁਣ ਕੇ ਕਿਸੇ ਨਾਜੋ ਨੂੰ ਆਪਣੇ ਪੁੰਨੂੰ ਦਾ ਖ਼ਿਆਲ ਆ ਜਾਂਦਾ ਹੈ ਮਤੇ ਉਹ ਵੀ ਉਸ ਨੂੰ ਛੱਡ ਕੇ ਕਿਧਰੇ ਤੁਰ ਜਾਵੇ। ਉਹ ਆਪਣੇ ਦਿਲ ਦੇ ਮਹਿਰਮ ਅੱਗੇ ਅਰਜੋਈ ਕਰਦੀ ਹੈ:

ਆਪਣੇ ਕੋਠੇ ਮੈਂ ਖੜੀ
ਪੁੰਨੂੰ ਖੜਾ ਮਸੀਤ ਵੇ
ਭਰ ਭਰ ਅੱਖੀਆਂ ਡੋਲ੍ਹਦੀ
ਨੈਣੀਂ ਲੱਗੀ ਪ੍ਰੀਤ ਵੇ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ

ਉਠ ਨੀ ਮਾਏਂ ਸੁੱਤੀਏ
ਚੁਲ੍ਹੇ ਅੱਗ ਨੀ ਪਾ
ਜਾਂਦੇ ਪੁੰਨੂੰ ਨੂੰ ਘੇਰ ਕੇ
ਕੋਈ ਭੋਜਨ ਦਈਂ ਛਕਾ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ।

ਉਠ ਨੀ ਭਾਬੋ ਸੁੱਤੀਏ
ਦੁੱਧ ਮਧਾਣੀ ਪਾ
ਜਾਂਦੇ ਪੁੰਨੂੰ ਘੇਰ ਕੇ
ਮੱਖਣ ਦਈਂ ਛਕਾ

21/ਇਸ਼ਕ ਸਿਰਾਂ ਦੀ ਬਾਜ਼ੀ