ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੱਗ ਲਾਵਾਂ ਤੇਰੇ ਸੂਟ ਨੂੰ
ਚੁੰਨੀਆਂ ਦੇਵਾਂ ਨੀ ਮਚਾ
ਜਾਨ ਤਾਂ ਮੇਰੀ ਲੈ ਗਿਆ
ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ।

ਬੂਰੀ ਜਹੀ ਮੱਝ ਲੈ ਦਿਆਂ
ਧੀਏ ਮੱਖਣਾਂ ਨਾਲ ਟੁੱਕ ਖਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਕੌਲੇ ਦੀ ਗਈ ਨੀ ਬਲਾ

ਅੱਗ ਲਾਵਾਂ ਤੇਰੀ ਮੱਖਣੀ
ਬੂਰੀ ਨੂੰ ਬੱਗ ਨਾ ਰਲਾ
ਜਾਨ ਤਾਂ ਮੇਰੀ ਲੈ ਗਿਆ
ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਰੋਕ ਲੈ

ਗੀਤ ਦੇ ਦਰਦੀਲੇ ਬੋਲ ਸੁਣ ਕੇ ਕਿਸੇ ਵਿਰਹਾ ਕੁੱਠੀ ਦੇ ਨੈਣਾਂ ਵਿੱਚੋਂ ਹੰਝੂਆਂ ਦੇ ਮੋਤੀ ਝਰ ਝਰ ਪੈਂਦੇ ਹਨ... ਗਲ਼ਾ ਭਰ ਭਰ ਆਉਂਦਾ ਹੈ... ਕਿਧਰੇ ਹਾਉਕਾ ਉਭਰਦਾ ਹੈ ਕਿਧਰੇ ਇਕ ਚੀਸ ਪੈਦਾ ਹੁੰਦੀ ਹੈ-ਦਰਦੀਲੇ ਬੋਲਾਂ ਦਾ ਮੁੜ ਜਨਮ ਹੁੰਦਾ ਹੈ:

ਥਲ ਵੀ ਤੱਤਾ ਮੈਂ ਵੀ ਤੱਤੀ
ਤੱਤੇ ਨੈਣਾਂ ਦੇ ਡੇਲੇ
ਰੱਬਾ ਕੇਰਾਂ ਦਸ ਤਾਂ ਸਹੀ
ਕਦੋਂ ਹੋਣਗੇ ਪੁੰਨੂੰ ਨਾਲ਼ ਮੇਲੇ

ਮੈਂ ਪੁੰਨੂੰ ਦੀ ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਵੇ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ

ਇੰਜ ਪੰਜਾਬ ਦੀ ਗੋਰੀ ਦੇ ਹੋਠਾਂ ਤੇ ਸੱਸੀ ਪੁੰਨੂੰ ਦੀ ਗਾਥਾ ਅਗਾਂਹ ਟੁਰਦੀ ਹੈ। ਪਤਾ ਨਹੀਂ ਕਿੰਨਾ ਸਮਾਂ ਹੋਰ ਇਹ ਪੰਜਾਬ ਦੀ ਗੋਰੀ ਦਾ ਦਰਦ ਬਿਆਨ ਕਰਦੀ ਰਹੇਗੀ।

25/ ਇਸ਼ਕ ਸ਼ਿਰਾਂ ਦੀ ਬਾਜ਼ੀ