ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪ੍ਰੀਤ ਦਾ ਨਾਇਕ-ਮਿਰਜ਼ਾ

ਸੌ ਸੌ ਕੋਹ ਤੋਂ ਚੜੀ ਲੁਕਾਈ

ਮਿਰਜ਼ਾ ਵੇਖਣ ਆਵੇ

ਬਈ ਮਿਰਜ਼ਾ ਖਰਲਾਂ ਦਾ

ਅਜ ਵਧਕੇ ਬੋਲੀ ਪਾਵੇ।

ਮਿਰਜ਼ਾ ਮਸੀਂ ਪੰਜ ਕੁ ਸਾਲਾਂ ਦਾ ਹੋਇਆ ਸੀ ਕਿ ਉਹਦੇ ਬਾਪ ਬਿੰਜਲ ਦੀ ਮੌਤ ਹੋ ਗਈ। ਬਿੰਜਲ ਖ਼ਰਲਾਂ ਦਾ ਸਰਦਾਰ, ਦਾਨਾਬਾਦ ਦੇ ਰਾਵੀ ਦੇ ਇਲਾਕੇ ਦਾ ਚੌਧਰੀ ਸੀ। ਚੌਧਰੀ ਦੀ ਕੁਵੇਲੇ ਦੀ ਮੌਤ ਸਾਰੇ ਇਲਾਕੇ ਲਈ ਸੋਗ ਬਣ ਗਈ।ਮਿਰਜ਼ੇ ਦੀ ਮਾਂ ਖੀਵੀ ਦਾ ਸੰਸਾਰ ਜਿਵੇਂ ਸੁੰਨਾ ਹੋ ਗਿਆ ਹੋਵੇ। ਉਸ ਨੂੰ ਗਸ਼ਾਂ ਤੇ ਗਸ਼ਾਂ ਪੈਂਦੀਆਂ ਰਹੀਆਂ। ਸਿਆਣੀਆਂ ਤ੍ਰੀਮਤਾਂ ਉਸ ਨੂੰ ਦਿਲਬਰੀਆਂ ਦੇਂਦੀਆਂ ਰਹੀਆਂ, ਢਾਰਸਾਂ ਬਨਾਉਂਦੀਆਂ ਰਹੀਆਂ।

ਮਿਰਜ਼ੇ ਦੋ ਜਵਾਨ ਹੋਣ ਦੀ ਆਸ ਖੀਵੀ ਲਈ ਬਿੰਜਲ ਦੀ ਮੌਤ ਨੂੰ ਭੁੱਲ ਜਾਣ ਦਾ ਸਾਹਸ ਦੇਣ ਲੱਗੀ।

ਮਿਰਜ਼ੇ ਦਾ ਮਾਮਾ ਖੀਵਾ ਖਾਨ ਉਹਨੂੰ ਆਪਣੇ ਪਿੰਡ ਖੀਵੇ ਲੈ ਆਇਆ। ਖੀਵੇ ਦੇ ਘਰ ਕਿਸੇ ਗੱਲ ਦੀ ਤੋਟ ਨਾ ਸੀ।ਉਹ ਝੰਗ ਸਿਆਲ ਦਾ ਚੌਧਰੀ ਸੀ।ਆਪਣੀ ਭੈਣ ਦੀ ਕਿਸੇ ਨਾ ਕਿਸੇ ਪਜ ਬਹਾਨੇ ਮਦਦ ਕਰਨੀ, ਉਹ ਆਪਣਾ ਫ਼ਰਜ਼ ਸਮਝਦਾ ਸੀ ! ਮਿਰਜ਼ੇ ਦੀ ਪਾਲਣਾ ਉਹਨੇ ਆਪਣੇ ਜ਼ਿੰਮੇ ਲੈ ਲਈ। |

ਕੁਝ ਵਰ੍ਹੇ ਹੋਏ ਖੀਵੇ ਖਾਨ ਦੀ ਘਰ ਵਾਲੀ ਦੋ ਪੁੱਤਰ ਤੇ ਇਕ ਧੀ ਛੱਡ ਕੇ ਮਰ ਗਈ ਸੀ ਤੇ ਹੁਣ ਉਹਨੇ ਪਿਛਲੇ ਵਰ੍ਹੇ ਦੂਜਾ ਵਿਆਹ ਕਰਵਾ ਲਿਆ ਸੀ। ਪਹਿਲੀ ਤੀਵੀਂ ਦੀ ਸਭ ਤੋਂ ਛੋਟੀ ਧੀ ਸਾਹਿਬਾਂ ਮਿਰਜ਼ੇ ਦੀ ਹਾਨਣ ਸੀ। ਮਿਰਜ਼ੇ ਦਾ ਜੀ ਪਰਚਾਣ ਨੂੰ ਸਾਹਿਬਾਂ ਤੋਂ ਪਿਆਰਾ ਸਾਥ ਹੋਰ ਕਿਹੜਾ ਹੋ ਸਕਦਾ ਸੀ। ਪਲਾਂ ਵਿੱਚ ਦੋ ਪਿਆਰੇ ਬਾਲ ਇਕਮਿਕ ਹੋ ਗਏ ਤੇ ਸਭ ਕੁਝ ਭੁੱਲ ਭੁਲਾ ਕੇ ਬਾਲ ਖੇਡਾਂ ਵਿੱਚ ਰੁੱਝ ਗਏ।
ਦੋਨਾਂ ਨੂੰ ਮਸੀਤੇ ਕਾਜ਼ੀ ਪਾਸ ਪੜ੍ਹਨੇ ਪਾ ਦਿੱਤਾ ਗਿਆ। ਦਿਨਾਂ ਦੇ ਦਿਨ ਮਹੀਨਿਆਂ ਦੇ ਮਹੀਨੇ ਵਰਿਆਂ ਦੇ ਵਰੇ ਗੁਜ਼ਰਦੇ ਰਹੇ। ਮਿਰਜ਼ਾ ਸਾਹਿਬਾਂ ਇਕ ਪਲ ਲਈ ਵੀ ਇਕ ਦੂਜੇ ਤੋਂ ਜੁਦਾ ਨਾ ਹੁੰਦੇ, ਕੱਠੇ ਪੜ੍ਹਦੇ, ਕੱਠੇ ਖੇਡਦੇ।
ਸਾਹਿਬਾਂ ਮੁਟਿਆਰ ਹੋਣ ਲੱਗੀ।
ਮਿਰਜ਼ਾ ਜਵਾਨ ਹੋਣ ਲੱਗਾ।
ਜੇ ਮਿਰਜ਼ੇ ਨੂੰ ਕੋਈ ਗੁਲਾਬ ਦਾ ਫੁੱਲ ਸੱਦਕਾ ਤਾਂ ਸਾਹਿਬਾਂ ਨੂੰ ਚੰਬੇ ਦੀ ਕਲੀ ਆਖਦਾ। ਸਾਹਿਬਾਂ ਦੇ ਤੁਲ ਪਿੰਡ ਵਿੱਚ ਕੋਈ ਹੋਰ ਮੁਟਿਆਰ ਨਾ ਵਿਖਾਈ ਦੇਂਦੀ ਤੇ ਮਿਰਜ਼ੇ ਦੇ ਮੁਕਾਬਲੇ ਦਾ ਕੋਈ ਗੱਭਰੂ ਨਜ਼ਰ ਨਹੀਂ ਸੀ ਆਉਂਦਾ। ਬਚਪਨ ਦੀ ਮੁਹੱਬਤ

27/ ਇਸ਼ਕ ਸਿਰਾਂ ਦੀ ਬਾਜ਼ੀ