ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/44

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮੁਟਿਆਰ ਹੋ ਗਈ। ਮਿਰਜ਼ਾ ਸਾਹਿਬਾਂ ਨੂੰ ਚੰਗਾ ਲੱਗਦਾ ਸੀ ਤੇ ਸਾਹਿਬਾਂ ਮਿਰਜ਼ੇ ਨੂੰ ਪਿਆਰੀ ਲੱਗਦੀ ਸੀ। ਦੋਨੋਂ ਇਕ ਦੂਜੇ ਦੇ ਸਦੱਕੜੇ ਜਾਂਦੇ ਸਨ।
ਦੋ ਜਵਾਨੀਆਂ ਦਾ ਇਕ ਦੂਜੇ ਨੂੰ ਚੰਗਾ ਲੱਗਣਾ, ਬੇਮੁਹੱਬਤੇ ਸਮਾਜ ਨੂੰ ਚੰਗਾ ਨਾ ਲੱਗਾ। ਉਨ੍ਹਾਂ ਮਿਰਜ਼ਾ ਸਾਹਿਬਾਂ ਦੀ ਮੁਹੱਬਤ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ।
"ਮਿਰਜ਼ਿਆ ਪਤਾ ਨਹੀਂ ਕਿਉਂ ਇਹ ਲੋਕੀਂ ਸਾਨੂੰ ਵੇਖ ਕੇ ਸੜਦੇ ਨੇ। ਸਾਡੀ ਪਾਕ ਮੁਹੱਬਤ ਨੂੰ ਊਜਾਂ ਲਾਉਂਦੇ ਨੇ।"
“ਸਾਹਿਬਾਂ ਇਹ ਲੋਕੀਂ ਕੀ ਜਾਨਣ! ਸਾਡੀ ਬਚਪਨ ਦੀ ਮੁਹੱਬਤ ’ਚ ਕੋਈ ਫ਼ਰਕ ਨਹੀਂ ਪਿਆ-ਅਸੀਂ ਬਚਪਨ 'ਚ ਮੁਹੱਬਤ ਕਰਦੇ ਰਹੇ-ਉਦੋਂ ਕਿਸੇ ਸਾਡੀ ਕੋਈ ਗੱਲ ਨਹੀਂ ਸੀ ਜੋੜੀ ਤੇ ਅੱਜ....."
"ਮਿਰਜ਼ਿਆ, ਉਦੋਂ ਅਸੀਂ ਬੱਚੇ ਸਾਂ। ਇਹ ਸਮਾਜ ਜਵਾਨ ਮੁਹੱਬਤਾਂ ਨੂੰ ਵੇਖ ਕੇ ਸੜਦੈ। ਮੁਟਿਆਰ ਪ੍ਰੀਤਾਂ ਦੇ ਰਾਹਾਂ ਵਿੱਚ ਕੰਡਿਆਲੀਆਂ ਰਸਮਾਂ ਦੇ ਕੋਟ ਉਸਾਰਨ ਵਿੱਚ ਫ਼ਖ਼ਰ ਅਨੁਭਵ ਕਰਦੈ। ਮਿਰਜ਼ਿਆ ਇਹ ਲੋਕੀਂ ਕੁਝ ਵੀ ਪਏ ਆਖਣ। ਤੂੰ ਮੇਰੀਆਂ ਨਜ਼ਰਾਂ 'ਚ ਰੱਬੀ ਨੂਰ ਏ, ਮੇਰੀ ਜ਼ਿੰਦਗੀ ਦਾ ਚਾਨਣ ਏਂ।"
"ਸਾਹਿਬਾਂ ਤੂੰ ਮੇਰਾ ਸਭ ਕੁਝ ਏਂ ਮੇਰੀ ਜਿੰਦ ਤੂੰ ਹੀ ਏਂ, ਮੇਰੀ ਜਾਨ ਤੂੰ ਹੀ ਏਂ!"
ਸਾਹਿਬਾਂ ਦੀ ਮਤਰੇਈ ਮਾਂ ਨੂੰ ਮਿਰਜ਼ਾ ਸਾਹਿਬਾਂ ਦਾ ਖਿੜ-ਖਿੜ ਹੱਸਣਾ, ਮਿਲ ਬੈਠਣਾ ਚੰਗਾ ਨਾ ਸੀ ਲੱਗਦਾ। ਉਹਨੇ ਖੀਵੇ ਖਾਨ ਅੱਗੇ ਉਨ੍ਹਾਂ ਬਾਰੇ ਕਈ ਨਾ ਲਾਉਣ ਵਾਲੀਆਂ ਉਜਾਂ ਲਾਈਆਂ ਤੇ ਉਸ ਦੇ ਮਨ ਵਿੱਚ ਇਸ ਪਿਆਰ ਵਿੱਚ ਲੀਨ ਹੋਈਆਂ ਜਵਾਨੀਆਂ ਬਾਰੇ ਕਈ ਸ਼ੰਕੇ ਪੈਦਾ ਕਰ ਦਿੱਤੇ ਤੇ ਮਿਰਜ਼ਾ ਸਾਹਿਬਾਂ ਦੀ ਮਮਤਾ ਵਿੱਚ ਮੁਗਧ ਹੋਏ ਉਹਦੇ ਦਿਲ ਵਿੱਚ ਕਾਂਜੀ ਘੋਲ ਦਿੱਤੀ।
ਤੇ ਹੁਣ ਖੀਵੇ ਨੂੰ ਮਿਰਜ਼ਾ ਸਾਹਿਬਾਂ ਦਾ ਹੱਸਣਾ, ਖੇਡਣਾ, ਉੱਠਣਾ, ਬੈਠਣਾ ਪਹਿਲਾਂ ਵਰਗਾ ਨਿੱਘ ਨਹੀਂ ਸੀ ਦੇਂਦਾ।ਉਸ ਪਾਸੋਂ ਲਾਡਾਂ ਮਲ੍ਹਾਰਾਂ ਦੀਆਂ ਗੱਲਾਂ ਨਹੀਂ ਸੀ ਕਰਵਾਉਂਦਾ। ਉਸ ਆਪਣੀ ਭੈਣ ਦਾਨਾਬਾਦ ਤੋਂ ਮੰਗਵਾ ਲਈ ਤੇ ਮਿਰਜ਼ੇ ਨੂੰ ਉਹਦੇ ਨਾਲ ਤੋਰ ਦਿੱਤਾ।
ਸਾਹਿਬਾਂ ਤੋਂ ਵਿਛੜ ਜਾਣਾ ਮਿਰਜ਼ੇ ਲਈ ਸੁਖੇਰਾ ਨਹੀਂ ਸੀ।ਉਹਦਾ ਸੱਕਾ ਮਾਮਾ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰੇਗਾ? ਮਿਰਜ਼ੇ ਨੂੰ ਇਹਦਾ ਚਿੱਤ ਚੇਤਾ ਵੀ ਨਹੀਂ ਸੀ। ਮਿਰਜ਼ੇ ਨੇ ਦਿਲ ਤੇ ਪੱਥਰ ਰੱਖ ਲਿਆ ਤੇ ਉਹ ਸਾਹਿਬਾਂ ਦੀ ਯਾਦ ਦੇ ਸਹਾਰੇ ਆਪਣੇ ਪਿੰਡ ਦਾਨਾਬਾਦ ਆ ਗਿਆ।
ਮਿਰਜ਼ੇ ਦੇ ਕੁਸ਼ਤੀ ਕਰਨ, ਨੇਜਾਬਾਜ਼ੀ ਤੇ ਸ਼ਿਕਾਰ ਆਦਿ ਖੇਡਣ ਦੇ ਸ਼ੌਕ ਵੀ ਉਹਦੇ ਮਨ ਨੂੰ ਸਾਹਿਬਾਂ ਵੱਲੋਂ ਨਾ ਮੋੜ ਸਕੇ। ਸਾਹਿਬਾਂ ਨਾਲ਼ ਬਿਤਾਏ ਦਿਨਾਂ ਦੀਆਂ ਯਾਦਾਂ ਮਿਰਜ਼ੇ ਲਈ ਆਫ਼ਤਾਂ ਖੜੀਆਂ ਕਰ ਦਿੰਦੀਆਂ। ਉਹਦਾ ਦਿਲ ਕਰਦਾ ਕਿ ਉਹ ਉੱਡ ਕੇ ਸਾਹਿਬਾਂ ਪਾਸ ਪੁੱਜ ਜਾਵੇ। ਪਰੰਤੂ ਉਹ ਅਜਿਹਾ ਨਾ ਕਰ ਸਕਦਾ। ਉਹਦੀ ਮਾਂ ਦਿਆਂ ਨੈਣਾਂ ਵਿੱਚ ਛਲਕਦੇ ਅੱਥਰੂ ਉਹਦਾ ਰਾਹ ਰੋਕ ਲੈਂਦੇ।
ਮਿਰਜ਼ੇ ਬਿਨਾਂ ਸਾਹਿਬਾਂ ਦਾ ਜਹਾਨ ਸੁੰਨਾ ਹੋ ਗਿਆ। ਉਹ ਬੜੀ ਰੂੰਨੀ, ਸਹੇਲੀਆਂ

28/ ਇਸ਼ਕ ਸਿਰਾਂ ਦੀ ਬਾਜ਼ੀ