ਸਮੱਗਰੀ 'ਤੇ ਜਾਓ

ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੂੰਹ ਜ਼ੋਰ ਮੁਹੱਬਤ ਦੀ ਨਾਇਕਾ ਰਾਣੀ ਸੁੰਦਰਾਂ

ਪੂਰਨ ਭਗਤ ਦੀ ਲੋਕ ਗਾਥਾ ਦਾ ਪੰਜਾਬੀਆਂ ਦੇ ਜੀਵਨ ਤੇ ਅਮਿਟ ਪ੍ਰਭਾਵ ਹੈ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ। ਜਿਸ ਨੇ ਇਸ ਕਥਾ ਦਾ ਰਸ ਨਾ ਚੱਖਿਆ ਹੋਵੇ। ਇਸ ਕਥਾ ਦੇ ਤਿੰਨ ਪ੍ਰਮੁੱਖ ਪਾਤਰ ਹਨ-ਪੂਰਨ, ਲੂਣਾ ਅਤੇ ਰਾਣੀ ਸੁੰਦਰਾਂ। ਪੂਰਨ ਸਮਾਜਕ ਮਰਯਾਦਾ ਅਤੇ ਸਦਾਚਾਰਕ ਨੈਤਕ ਕਦਰਾਂ ਕੀਮਤਾਂ ਦਾ ਅਲੰਮਬਰਦਾਰ ਹੈ। ਲੂਣਾ ਉਸ ਸਮੇਂ ਦੇ ਸਮਾਜ ਵਲੋਂ ਹੋਈ ਬੇਇਨਸਾਫੀ ਅਨਜੋੜ ਵਿਆਹੁਤਾ ਜੀਵਨ ਸਦਕਾ, ਅਤ੍ਰਿਪਤ ਕਾਮੁਕ ਤ੍ਰਿਸ਼ਨਾਵਾਂ ਅਤੇ ਭਾਵਨਾਵਾਂ ਦੀ ਸ਼ਿਕਾਰ ਮਨਮੋਹਣੀ ਮੁਟਿਆਰ ਹੈ। ਰਾਣੀ ਸੁੰਦਰਾਂ ਇਕ ਅਜਿਹੀ ਹੁਸੀਨ ਔਰਤ ਹੈ ਜੋ ਜੋਗੀ ਬਣੇ ਪੂਰਨ ਨੂੰ ਵੇਖਦਿਆਂ ਸਾਰ ਹੀ ਉਸ ਤੇ ਫਿਦਾ ਹੋ ਜਾਂਦੀ ਹੈ.... ਜਦੋਂ ਪੂਰਨ ਉਸਨੂੰ ਤਿਆਗ ਕੇ ਤੁਰ ਜਾਂਦਾ ਹੈ ਤਾਂ ਉਹ ਉਸਦਾ ਵਿਛੋੜਾ ਨਾ ਝਲਦੀ ਹੋਈ ਮਹਿਲ ਤੋਂ ਛਾਲ ਮਾਰ ਕੇ ਅਪਣੀ ਜਾਨ ਕੁਰਬਾਨ ਕਰਕੇ ਮੂੰਹ ਜ਼ੋਰ ਮੁਹੱਬਤ ਦਾ ਪ੍ਰਤੀਕ ਬਣ ਜਾਂਦੀ ਹੈ।

ਪੰਜਾਬ ਦੀਆਂ ਮੁਟਿਆਰਾਂ ਨੇ ਲੂਣਾਂ ਅਤੇ ਰਾਣੀ ਸੁੰਦਰਾਂ ਦੇ ਦਰਦ ਦੀ ਵੇਦਨਾ ਅਤੇ ਪੂਰਨ ਦੇ ਜਤਸਤ ਦੀ ਭਾਵਨਾਂ ਨੂੰ ਬਿਆਨ ਕਰਨ ਵਾਲੇ ਵੇਦਨਾਤਮਕ ਸੁਰ ਵਾਲੇ ਅਨੇਕਾਂ ਲੋਕ ਗੀਤਾਂ ਦੀ ਸਿਰਜਣਾ ਕੀਤੀ ਹੈ ਜਿਨ੍ਹਾਂ ਨੂੰ ਸੁਣ ਕੇ ਪੂਰਨ ਭਗਤ ਦੀ ਲੋਕ-ਗਾਥਾ ਨੈਣਾਂ ਅੱਗੇ ਸਾਕਾਰ ਹੋ ਜਾਂਦੀ ਹੈ।

ਗੱਲ ਮੱਧਕਾਲੀਨ ਸਮੇਂ ਦੀ ਹੈ। ਉਦੋਂ ਨਾਥ ਜੋਗੀਆਂ ਦਾ ਜਨ ਸਾਧਾਰਨ ਦੇ ਜੀਵਨ 'ਤੇ ਬਹੁਤਾ ਵੱਡਾ ਪ੍ਰਭਾਵ ਸੀ। ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ-ਸਿਆਲਕੋਟ ਉਸ ਦੀ ਰਾਜਧਾਨੀ ਸੀ। ਸਲਵਾਨ ਇਕ ਆਸ਼ਿਕ-ਮਿਜ਼ਾਜ ਅਤੇ ਮੌਜ-ਮਸਤੀ 'ਚ ਰਹਿਣ ਵਾਲਾ ਰਾਜਾ ਸੀ। ਉਹਨੂੰ ਕਿਸੇ ਗੱਲ ਦੀ ਤੋਟ ਨਹੀਂ ਸੀ ਜੇ ਘਾਟ ਸੀ ਤਾਂ ਇਕ ਔਲਾਦ ਦੀ। ਢਲਦੀ ਉਮਰੇ, ਬੜੀਆਂ ਮੰਨਤਾਂ ਮਗਰੋਂ ਉਸ ਦੀ ਰਾਣੀ ਇੱਛਰਾਂ ਦੀ ਕੁੱਖੋਂ ਇਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਉਨ੍ਹਾਂ ਪੂਰਨ ਰੱਖਿਆ। ਵਹਿਮੀ ਰਾਜੇ ਨੇ ਪੂਰਨ ਦਾ ਭਵਿੱਖ ਜਾਨਣ ਲਈ ਨਜੂਮੀ ਸੱਦ ਲਏ। ਨਜੂਮੀਆਂ ਸਲਾਹ ਦਿੱਤੀ, "ਹੇ ਰਾਜਨ! ਇਹ ਨਵ-ਜਨਮਿਆ ਬੱਚਾ ਪੂਰੇ ਬਾਰਾਂ ਵਰ੍ਹੇ ਆਪਣੇ ਮਾਂ-ਬਾਪ ਦੇ ਮੱਥੇ ਨਾ ਲੱਗੇ, ਨਹੀਂ ਤਾਂ ਰਾਜੇ ਅਤੇ ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਕਹਿਰ ਟੁੱਟ ਪਵੇਗਾ।"

ਨਜੂਮੀਆਂ ਦੀ ਸਲਾਹ ਮੰਨਦਿਆਂ ਮਮਤਾ ਵਿਹੂਣੇ ਸਲਵਾਨ ਨੇ ਚਿੜੀ ਦੇ ਬੋਟ ਜਿੰਨੇ ਪੂਰਨ ਨੂੰ ਪੂਰੇ ਬਾਰ੍ਹਾਂ ਵਰ੍ਹੇ ਭੋਰੇ ਵਿੱਚ ਪਾਉਣ ਦਾ ਹੁਕਮ ਸੁਣਾ ਦਿੱਤਾ। ਪੂਰਨ ਦੀ ਮਾਂ ਇੱਛਰਾਂ ਤੜਪਦੀ ਰਹੀ, ਕੁਰਲਾਉਂਦੀ ਰਹੀ-ਉਹਦੀਆਂ ਰੋ-ਰੋ ਕੇ ਅੱਖਾਂ ਚੁੰਨ੍ਹੀਆਂ ਹੋ ਗਈਆਂ।

35/ ਇਸ਼ਕ ਸਿਰਾਂ ਦੀ ਬਾਜ਼ੀ