ਭਲਾ ਰਾਜੇ ਦੇ ਹੁਕਮ ਨੂੰ ਕੌਣ ਟਾਲ਼ ਸਕਦਾ ਸੀ? ਪੂਰਨ ਨੂੰ ਗੋਲੀਆਂ ਸਮੇਤ ਭੌਰੇ ਵਿੱਚ ਪਾ ਦਿੱਤਾ ਗਿਆ। ਇੱਛਰਾਂ ਦੀ ਕਿਸੇ ਇਕ ਨਾ ਮੰਨੀ ਉਹ ਪੁੱਤਰ ਦੇ ਵਿਯੋਗ ਵਿੱਚ ਹੰਝੂ ਕੇਰਦੀ ਰਹੀ ਤੇ ਉਹਦੀ ਜ਼ਿੰਦਗੀ ਵਿੱਚ ਸੁੰਨਸਾਨ ਵਰਤ ਗਈ। ਸਲਵਾਨ ਦੀ ਉਮਰ ਢਲ ਰਹੀ ਸੀ। ਇਸੇ ਢਲਦੀ ਉਮਰੇ ਉਹਨੇ ਆਪਣੀ ਐਸ਼ੱਪ੍ਰਸਤੀ ਲਈ ਨਵ-ਜੋਬਨ ਮੁਟਿਆਰ ਲੂਣਾਂ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ... ਇੱਛਰਾਂ ਲਈ ਉਹਦੇ ਅੰਦਰ ਹੁਣ ਕੋਈ ਕਸ਼ਿਸ਼ ਨਹੀਂ ਸੀ ਰਹੀ। ਇੱਛਰਾਂ ਆਪਣੇ ਪੁੱਤ ਦੇ ਵਿਛੋੜੇ ਦੇ ਸੱਲ ਨੂੰ ਆਪਣੇ ਸੀਨੇ ਨਾਲ ਲਾ ਕੇ ਸੁੰਨ ਹੋ ਗਈ। ਉਧਰ ਪੂਰਨ ਆਪਣੇ ਮਾਂ-ਬਾਪ ਦੀ ਮੋਹ-ਮਮਤਾ ਤੋਂ ਸੱਖਣਾ ਹੌਲੀ-ਹੌਲੀ ਜ਼ਿੰਦਗੀ ਦੀ ਪੌੜੀ 'ਤੇ ਚੜ੍ਹਨ ਲੱਗਾ।
ਸਮਾਂ ਆਪਣੀ ਤੋਰੇ ਤੁਰ ਰਿਹਾ ਸੀ... ਪੂਰੇ ਬਾਰਾਂ ਵਰ੍ਹੇ ਬਤੀਤ ਹੋ ਗਏ। ਪੂਰਨ ਭੋਰਿਓਂ ਬਾਹਰ ਆਇਆ... ਰੂਪ ਦੀ ਸਾਕਾਰ ਮੂਰਤ... ਇਕ ਅਨੋਖੀ ਚਮਕ ਉਹਦੇ ਚਿਹਰੇ 'ਤੇ ਝਲਕਾਂ ਮਾਰ ਰਹੀ ਸੀ... ਯੋਗ ਸਾਧਨਾ ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਦੇ ਸਨਮੁਖ ਹੋਇਆ... ਮਮਤਾ ਵਿਹੂਣੇ ਰਾਜੇ ਨੇ ਪਹਿਲਾਂ ਮਾਵਾਂ ਨੂੰ ਮਿਲਣ ਦਾ ਹੁਕਮ ਸੁਣਾ ਦਿੱਤਾ।
ਗੋਲੀਆਂ ਪੂਰਨ ਨੂੰ ਇੱਛਰਾਂ ਦੇ ਮਹਿਲੀਂ ਲੈ ਆਈਆਂ। ਪੂਰਨ ਨੂੰ ਵੇਖਦੇ ਸਾਰ ਹੀ ਇੱਛਰਾਂ ਦੀਆਂ ਅੱਖਾਂ 'ਚੋਂ ਮਮਤਾ ਦੇ ਅੱਥਰੂ ਵਹਿ ਤੁਰੇ... ਪੂਰਨ ਨੇ ਮਾਂ ਦੇ ਚਰਨ ਛੂਹੇ, ਮਾਂ ਦਾ ਚਾਅ ਝੱਲਿਆ ਨਹੀਂ ਸੀ ਜਾਂਦਾ। ਉਹ ਪੂਰਨ ਦੇ ਬਣ-ਬਣ ਪੈਂਦੇ ਰੂਪ ’ਤੇ ਬਲਿਹਾਰੇ ਜਾ ਰਹੀ ਸੀ। "ਪੁੱਤ ਪੂਰਨਾ! ਆਪਾਂ ਰੱਜ ਕੇ ਗੱਲਾਂ ਫੇਰ ਕਰਾਂਗੇ ਪਹਿਲਾਂ ਆਪਣੀ ਦੂਜੀ ਮਾਂ ਲੂਣਾਂ ਨੂੰ ਮਿਲ ਆ" ਆਖ ਰਾਣੀ ਇੱਛਰਾਂ ਨੇ ਪੂਰਨ ਨੂੰ ਲੂਣਾਂ ਵੱਲ ਤੋਰ ਦਿੱਤਾ।
ਸ਼ਾਹੀ ਮਹਿਲਾਂ 'ਚ ਪਹਿਲਾ ਮਹਿਲ ਮਤਰੇਈ ਮਾਂ ਲੂਣਾਂ ਦਾ ਸੀ। ਲੂਣਾਂ ’ਤੇ ਕਹਿਰਾਂ ਦਾ ਰੂਪ ਚੜ੍ਹਿਆ ਹੋਇਆ ਸੀ। ਜਦੋਂ ਦੀ ਉਹ ਇਸ ਮਹਿਲ ਵਿੱਚ ਆਈ ਸੀ। ਉਸ ਨੇ ਸਲਵਾਨ ਤੋਂ ਬਿਨਾਂ ਕਿਸੇ ਹੋਰ ਮਰਦ ਦਾ ਮੂੰਹ ਨਹੀਂ ਸੀ ਦੇਖਿਆ। ਉਹਦੀ ਦੇਖ-ਭਾਲ ਲਈ ਗੋਲੀਆਂ ਸਨ ਮਰਦ ਜਾਤ ਨੂੰ ਮਹਿਲਾਂ ਵਿੱਚ ਆਉਣ ਦੀ ਮਨਾਹੀ ਸੀ। ਲੂਣਾਂ ਢਲਦੀ ਉਮਰ ਦੇ ਸਲਵਾਨ ਤੋਂ ਖ਼ੁਸ਼ ਨਹੀਂ ਸੀ। ਉਹ ਇਕ ਅਤ੍ਰਿਪਤ ਔਰਤ ਸੀ। ਰੂਪਵਾਨ ਪੂਰਨ ਨੂੰ ਵੇਖਦੇ ਸਾਰ ਹੀ ਉਹ ਆਪਣੀ ਸੁੱਧ-ਬੁੱਧ ਗੁਆ ਬੈਠੀ। ਸਾਰੇ ਸ਼ਿਸ਼ਟਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਛੱਡ ਕੇ ਉਹਨੇ ਪੂਰਨ ਨੂੰ ਪਤਿਆਉਣ ਦੇ ਅਨੇਕਾਂ ਯਤਨ ਕੀਤੇ, ਤਰਲੇ ਲਏ ਅਤੇ ਜਵਾਨੀ ਦੇ ਵਾਸਤੇ ਪਾਏ।
“ਮੇਰਾ ਲੂੰ ਲੂੰ ਭੁੱਜ ਰਿਹੈ। ਮੈਨੂੰ ਆਪਣੇ ਸੀਨੇ ਨਾਲ਼ ਲਾ ਕੇ ਮੇਰੀ ਪਿਆਸ ਬੁਝਾ ਦੇ ਪੂਰਨਾ...”
ਲੂਣਾਂ ਦੇ ਬੋਲਾਂ ’ਚ ਤਰਲਾ ਸੀ ਤੇ ਉਹ ਭਾਵਾਂ ਦੇ ਵਹਿਣ ਵਿੱਚ ਵਹਿ ਤੁਰੀ ਤੇ ਉਹਨੇ ਪੂਰਨ ਨੂੰ ਕਲਾਵੇ 'ਚ ਭਰ ਕੇ ਆਪਣੀ ਸੇਜ਼ 'ਤੇ ਸੁੱਟ ਲਿਆ ਪਰੰਤੂ ਪੂਰਨ ਨੇ ਇਕਦਮ ਆਪਣੇ ਆਪ ਨੂੰ ਉਸ ਪਾਸੋਂ ਛੁਡਾ ਲਿਆ ਤੇ ਸਹਿਜ ਨਾਲ ਬੋਲਿਆ,
36/ਇਸ਼ਕ ਸਿਰਾਂ ਦੀ ਬਾਜ਼ੀ