ਸਮੱਗਰੀ 'ਤੇ ਜਾਓ

ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਕਦੀ, ਮੇਰੇ 'ਤੇ ਐਡਾ ਕਹਿਰ ਵਾਪਰੇਗਾ... ਭਲਾ ਕੋਈ ਪੁੱਤ ਆਪਣੀ ਮਾਂ ਦੇ ਸਤ ਨੂੰ ਭੰਗ ਕਰਨ ਬਾਰੇ ਸੋਚ ਸਕਦੈ? ਰਾਜਿਆ ਅੱਜ ਮਿਲਣ ਆਏ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਐ, ਪਰ ਮੈਂ ਮਸੀਂ ਉਹਦੇ ਚੁੰਗਲ 'ਚੋਂ ਬਚ ਕੇ ਨਿਕਲ਼ ਸਕੀ ਆਂ...!"

ਸੁਣਦੇ ਸਾਰ ਹੀ ਸਲਵਾਨ ਸਿਰ ਤੋਂ ਪੈਰਾਂ ਤਕ ਗੁੱਸੇ ਨਾਲ ਕੰਬ ਉਠਿਆ, "ਪੂਰਨ ਦੀ ਇਹ ਜੁਰਅੱਤ! ਮੈਂ ਉਹਦੇ ਸੀਰਮੇ ਪਾ ਜਾਵਾਂਗਾ। ਉਹਨੂੰ ਅਜਿਹੀ ਸਜ਼ਾ ਦੇਵਾਂਗਾ ਜਿਸ ਨੂੰ ਸਾਰੀ ਦੁਨੀਆਂ ਯਾਦ ਰੱਖੇਗੀ।"

ਭੋਲਾ ਸਲਵਾਨ ਕੀ ਜਾਣੇ, ਲੂਣਾਂ ਨੇ ਤਾਂ ਪੂਰਨ ’ਤੇ ਤੋਹਮਤ ਲਾਉਣ ਖ਼ਾਤਰ ਤ੍ਰਿਆ ਚਿਰੱਤਰ ਦੀ ਚਾਲ ਚੱਲੀ ਸੀ।

ਅਗਲੀ ਭਲਕ ਸਲਵਾਨ ਨੇ ਭਰੇ ਦਰਬਾਰ ਵਿੱਚ ਪੂਰਨ ਨੂੰ ਤਲਬ ਕਰ ਲਿਆ ਤੇ ਉਸ ਉੱਤੇ ਆਪਣੀ ਮਾਂ ਵਰਗੀ ਲੂਣਾਂ ’ਤੇ ਮੈਲ਼ੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਲਾਉਂਦਿਆਂ ਉਹਨੂੰ ਕਤਲ ਕਰਨ ਦਾ ਹੁਕਮ ਸਾਦਰ ਕਰ ਦਿੱਤਾ। ਬੇਗ਼ੁਨਾਹ ਪੂਰਨ ਦੀ ਕਿਸੇ ਇਕ ਨਾ ਸੁਣੀ।

ਜੱਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ ... ਰਾਣੀ ਇੱਛਰਾਂ ਦਾ ਰੋਣ ਝੱਲਿਆ ਨਹੀਂ ਸੀ ਜਾਂਦਾ... ਸ਼ਹਿਰ ਦੀ ਜਨਤਾ ਮੂਕ ਖਲੋਤੀ ਜਾਂਦੇ ਪੂਰਨ ਨੂੰ ਵੇਖਦੀ ਰਹੀ... ਰਾਜੇ ਦਾ ਤਪ ਤੇਜ਼ ਹੀ ਐਨਾ ਸੀ ਕਿਸੇ ਹਾਅ ਦਾ ਨਾਅਰਾ ਮਾਰਨ ਦੀ ਜੁਰਅੱਤ ਵੀ ਨਾ ਕੀਤੀ। ਜੱਲਾਦ ਪੂਰਨ ਦੀ ਮਾਸੂਮੀਅਤ ਤੋਂ ਜਾਣੂ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜਦੇ...। ਜੰਗਲ 'ਚ ਜਾ ਕੇ ਉਹ ਉਹਨੂੰ ਵੱਢ-ਟੁਕ ਕੇ ਇਕ ਵਿਰਾਨ ਖੂਹ 'ਚ ਧੱਕਾ ਦੇ ਆਏ ਤੇ ਰਾਜੇ ਨੂੰ ਆਖ ਦਿੱਤਾ ਕਿ ਉਹ ਉਹਨੂੰ ਮਾਰ ਮੁਕਾ ਆਏ ਹਨ।

ਕੁਦਰਤ ਦੀ ਕਰਨੀ ਵੇਖੋ ਕੁਝ ਸਮੇਂ ਮਗਰੋਂ ਜੋਗੀਆਂ ਦਾ ਇਕ ਟੋਲਾ ਉਸੇ ਖੂਹ 'ਤੇ ਆਣ ਉਤਰਿਆ ਜਿਸ ਵਿੱਚ ਪੂਰਨ ਵੱਢਿਆ-ਟੁੱਕਿਆ ਪਿਆ ਸੀ। ਇਕ ਜੋਗੀ ਨੇ ਪਾਣੀ ਭਰਨ ਲਈ ਜਦੋਂ ਖੂਹ ਵਿੱਚ ਡੋਲ ਫਰਾਇਆ... ਉਸ ਨੂੰ ਕਿਸੇ ਪੁਰਸ਼ ਦੇ ਕਰਾਹੁਣ ਦੀ ਆਵਾਜ਼ ਸੁਣਾਈ ਦਿੱਤੀ। ਉਹਨੇ ਜੋਗੀਆਂ ਕੋਲ਼ ਆ ਕੇ ਗੱਲ ਕੀਤੀ... ਉਨ੍ਹਾਂ ਪੂਰਨ ਨੂੰ ਖੂਹ ਵਿੱਚੋਂ ਕੱਢ ਲਿਆ ਅਤੇ ਉਸ ਨੂੰ ਉਸੇ ਵੇਲੇ ਆਪਣੇ ਗੁਰੂ ਗੋਰਖ ਨਾਥ ਦੇ ਟਿੱਲੇ ਤੇ ਲੈ ਆਏ। ਗੋਰਖ ਦੀ ਤੀਮਾਰਦਾਰੀ, ਸਨੇਹ ਅਤੇ ਮੁਰਵੱਤ ਦੇ ਥਾਪੜੇ ਨੇ ਉਸ ਨੂੰ ਕੁਝ ਦਿਨਾਂ ਵਿੱਚ ਹੀ ਨੌਂ-ਬਰ-ਨੌਂ ਕਰ ਦਿੱਤਾ। ਗੋਰਖ ਨਾਥ ਦੀ ਤਲਿਸਮੀ ਸ਼ਖ਼ਸੀਅਤ ਨੇ ਪੂਰਨ ਨੂੰ ਅਜਿਹਾ ਕੀਲਿਆ ਕਿ ਉਹਨੇ ਆਪਣੇ ਆਪ ਨੂੰ ਗੋਰਖ ਦੇ ਚਰਨਾਂ 'ਚ ਅਰਪਣ ਕਰ ਦਿੱਤਾ ਤੇ ਜੋਗ ਸਾਧਨਾ ਵਿੱਚ ਜੁਟ ਗਿਆ... ਤਿਆਗ ਦੀ ਮੂਰਤ ਬਣੇ ਪੂਰਨ ਨੇ ਇਕ ਦਿਨ ਗੋਰਖ ਪਾਸੋਂ ਦੀਖਿਆ ਲਈ ਬੇਨਤੀ ਕੀਤੀ। ਗੋਰਖ ਤਰੁੱਠਿਆ... ਉਹਨੇ ਪੂਰਨ ਦੇ ਕੰਨਾਂ 'ਚ ਮੁੰਦਰਾਂ ਪੁਆ ਕੇ ਜੋਗੀ ਬਣਾ ਦਿੱਤਾ।

ਜੋਗੀ ਬਣਿਆਂ ਪੂਰਨ ਪਹਿਲੇ ਦਿਨ ਗਲ ’ਚ ਬਗਲੀ ਪਾ ਕੇ ਭਿੱਖਿਆ ਮੰਗਣ ਲਈ ਰਾਣੀ ਸੁੰਦਰਾਂ ਦੇ ਮਹਿਲੀਂ ਗਿਆ। ਗੋਲੀਆਂ ਪਾਸੋਂ ਜੋਗੀ ਦਾ ਰੂਪ ਝੱਲਿਆ ਨਾ ਗਿਆ। ਉਨ੍ਹਾਂ ਰਾਣੀ ਸੁੰਦਰਾਂ ਨੂੰ ਆਪ ਜਾ ਕੇ ਖ਼ੈਰ ਪਾਉਣ ਲਈ ਆਖਿਆ... ਰਾਣੀ

38/ ਇਸ਼ਕ ਸਿਰਾਂ ਦੀ ਬਾਜ਼ੀ