ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/60

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਦੋਂ ਮੁਟਿਆਰਾਂ ਸੁੰਦਰਾਂ ਰਾਣੀ ਅਤੇ ਜੋਗੀ ਬਣੇ ਪੂਰਨ ਦੇ ਸੰਵਾਦ ਵਾਲਾ ਦਰਦੀਲਾ ਲੋਕ ਗੀਤ ਗਾਉਂਦੀਆਂ ਹਨ ਤਾਂ ਉਹ ਇਸ ਗੀਤ ਰਾਹੀਂ ਅਪਣੇ ਮਨੋਭਾਵਾਂ ਅਤੇ ਦਰਦ ਦਾ ਇਜ਼ਹਾਰ ਕਰਦੀਆਂ ਹੋਈਆਂ ਭਾਵਾਂ ਦੇ ਦੇਸ਼ ਵਿੱਚ ਗੁਆਚ ਜਾਂਦੀਆਂ ਹਨ ਅਤੇ ਸਰੋਤਿਆਂ ਦੇ ਨੈਣਾਂ ਵਿੱਚੋਂ ਵੈਰਾਗ ਦੇ ਅੱਥਰੂ ਵਹਿ ਟੁਰਦੇ ਹਨ।

ਇਸ ਗੀਤ ਵਿੱਚ ਪੂਰਨ ਅਪਣੇ ਜੋਗਮਤ ਤੇ ਪਹਿਰਾ ਦੇਂਦਾ ਹੋਇਆ ਅਪਣਾ ਧਰਮ ਨਿਭਾਉਂਦਾ ਹੈ। ਰਾਣੀ ਸੁੰਦਰਾਂ ਨੂੰ ਵਿਸ਼ਵਾਸ ਹੈ-ਆਸਥਾ ਹੈ ਕਿ ਅਗਲੇ ਜਨਮ-ਜਨਮ ਵਿੱਚ ਉਹਨਾਂ ਦਾ ਮੇਲ ਜ਼ਰੂਰ ਹੋਵੇਗਾ। ਗੀਤ ਦੇ ਬੋਲ ਹਨ:

ਖੂਹਾ ਦੇਨੀ ਆਂ ਲਵਾ ਵੇ, ਤੂੰ ਨ੍ਹਾਵਣ ਦੇ ਪੱਜ ਆ,
ਗੋਰਖ ਨਾਥ ਦਿਆ ਜੋਗੀਆਂ ਦੇ ਪੂਰਨਾ,
ਪੂਰਨਾ! ਵੇ ਅੱਖਾਂ ਵਿੱਚ ਰਹਿ ਵੱਸਦਾ ਜਾਵੀਂ ਦੁਰ ਨਾ ਵੇ...

ਸਾਨੂੰ ਖੂਹੇ ਦਾ ਨਾ ਚਾਅ ਨੀ ਤੂੰ ਕਾਸੇ ਖੈਰ ਪਾ,
ਸੁਹਣੇ ਮਹਿਲਾਂ ਦੀਏ ਰਾਣੀਏਂ ਨੀ ਸੁੰਦਰਾਂ;
ਸੁੰਦਰਾਂ ਨੂੰ ਦੁਨੀਆਂ ਦਾ ਮੋਹ ਛੱਡਿਆ ਪਾਈਆਂ ਮੁੰਦਰਾਂ ਨੀ....

ਬਾਗ ਦੇਨੀ ਆਂ ਲਵਾ ਦੇ, ਤੂੰ ਟਹਿਲਣ ਦੇ ਪੱਜ ਆ,
ਗੋਰਖ ਨਾਥ ਦਿਆ ਜੋਗੀਆ ਵੇ ਪੂਰਨਾ,
ਪੂਰਨਾ ਵੇ ਅੱਖਾਂ ਵਿੱਚ ਰਹਿ ਵੱਸਦਾ ਜਾਵੀਂ ਦੂਰ ਨਾ ਵੇ......

ਸਾਨੂੰ ਬਾਗਾਂ ਦਾ ਨਾ ਚਾਅ ਨੀ ਤੂੰ ਕਾਸੇ ਖੈਰ ਪਾ,
ਸੁਹਣੇ ਮਹਿਲਾਂ ਦੀਏ ਰਾਣੀਏਂ ਨੀ ਸੁੰਦਰਾਂ,
ਸੁੰਦਰਾਂ ਨੀ ਦੁਨੀਆਂ ਦਾ ਮੋਹ ਛੱਡਿਆ ਪਾ ਕੇ ਮੁੰਦਰਾਂ ਨੀ...

ਧੌਲਰ ਦੇਨੀ ਆਂ ਪਵਾ ਵੇ ਤੂੰ ਵੇਖਣ ਦੇ ਪੱਜ ਆ,
ਗੋਰਖ ਨਾਥ ਦਿਆ ਜੋਗੀਆ ਵੇ ਪੂਰਨਾ,
ਪੂਰਨਾ ਵੇ ਅੱਖਾਂ ਵਿੱਚ ਰਹਿ ਵੱਸਦਾ ਜਾਵੀਂ ਦੂਰ ਨਾ ਵੇ.....

ਨਹੀਓਂ ਧੌਲਰਾਂ ਦਾ ਚਾਅ ਨੀ ਤੂੰ ਕਾਸੇ ਖੈਰ ਪਾ,
ਸੁਹਣੇ ਮਹਿਲਾਂ ਦੀਏ ਰਾਣੀਏਂ ਨੀ ਸੁੰਦਰਾਂ,
ਸੁੰਦਰਾਂ ਨੀ ਦੁਨੀਆਂ ਦਾ ਮੋਹ ਛੱਡਿਆ ਪਾ ਕੇ ਮੁੰਦਰਾਂ ਨੀ....

ਗੂੜ੍ਹੀ ਨੈਣਾਂ ਦੀ ਪ੍ਰੀਤ ਵੇ, ਲੋਹੇ ਉੱਤੇ ਲੀਕ,
ਗੋਰਖ ਨਾਥ ਦਿਆ ਜੋਗੀਆਂ ਦੇ ਪੂਰਨਾ,
ਪੂਰਨਾ ਵੇ ਅੱਖਾਂ ਵਿੱਚ ਰਹਿ ਵੱਸਦਾ ਜਾਵੀਂ ਦੂਰ ਨਾ ਵੇ .....

44/ ਇਸ਼ਕ ਸਿਰਾਂ ਦੀ ਬਾਜ਼ੀ