ਸਮੱਗਰੀ 'ਤੇ ਜਾਓ

ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੱਠਾ ਹੋਇਆ ਕੋੜਮਾ, ਸਾਵਣ ਵਾਂਙ ਝੜੀ।
ਦੇਣ ਦਲਾਸਾ ਆਣਕੇ, ਧੀਏ ਰਖ ਮੁੜੀ।
ਇਜ਼ਤ ਸਾਡੀ ਰੱਖ ਤੂੰ , ਨਾ ਕਰ ਹੋਰ ਅੜੀ।
ਜ਼ਾਤ ਬੁਰੀ ਸੁਨਿਆਰਿਆਂ ਨਾ ਛਡ ਦੇਣ ਨੜੀ।
ਝੂਠੇ ਸੁੱਚੇ ਮੋਤੀਆਂ, ਬਣੇ ਨਾ ਇਕ ਲੜੀ।

(ਗੁਰਦਿਤ ਸਿੰਘ)

ਇੱਥੇ ਆ ਗੋਕਲ ਚੰਦ ਇਸ ਕਹਾਣੀ ਨੂੰ ਇਕ ਹੋਰ ਮੋੜਾ ਦਿੰਦਾ ਹੈ। ਉਸ ਅਨੁਸਾਰ ਪਰਤਾਪੀ ਰਾਮ ਰਤਨ ਨੂੰ ਲੋਪੋਂ ਸਦਵਾਉਂਦੀ ਹੈ ਤੇ ਨਾਭੇ ਪਹਾਰਾ (ਸੁਨਿਆਰਾਂ ਦੇ ਕੰਮ ਕਰਨ ਦਾ ਅੱਡਾ) ਖੋਹਲਣ ਦੀ ਸ਼ਰਤ ਤੇ ਉਹਦੇ ਨਾਲ਼ ਜਾਣ ਲਈ ਤਿਆਰ ਹੋ ਜਾਂਦੀ ਹੈ:

ਪਰਤਾਪੀ ਸਦਿਆ ਪਰਾਹੁਣਾ
ਸੁਹਰੀਂ ਪੈਰ ਨਾ ਟਕਾਉਣਾ
ਮੈਨੂੰ ਘਰ ਜੋ ਬਸਾਉਣਾ
ਨਾਭੇ ਘੱਤ ਲੈ ਪਹਾਰਾ ਵੇ।
ਦਿੰਨੀਆਂ ਤੈਨੂੰ ਮੱਤ
ਤੂੰ ਪਹਾਰਾ ਨਾਭੇ ਘੱਤ
ਖਟ ਆਨੇ ਪੰਜ ਸੱਤ
ਆਪਾਂ ਕਰਾਂਗੇ ਗੁਜਾਰਾ ਵੇ।

ਪਰ ਸੁਨਿਆਰ ਨੇ ਨਾਭੇ ਜਾ ਕੇ ਪਹਾਰਾ ਨਾ ਖੋਲ੍ਹਿਆ।

ਨਾਭੇ ਤੋਂ ਪਰਤਾਪੀ ਨੂੰ ਕਾਕੇ ਦੇ ਸੁਖ-ਸੁਨੇਹੇ ਪੁੱਜਦੇ ਰਹੇ। ਉਹ ਹੁਣ ਨਾਭੇ ਕਾਕੇ ਕੋਲ਼ ਨੱਸ ਜਾਣ ਦੀਆਂ ਵਿਉਂਤਾਂ ਬਣਾ ਰਹੀ ਸੀ। ਉਸ ਨੇ ਆਪਣੀ ਸਹੇਲੀ ਭੋਲੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ। "ਭੋਲੀਏ ਇੱਸ਼ਕ ਦੀਆਂ ਲੱਗੀਆਂ ਦੇ ਬਾਣ ਬੁਰੇ , ਮੇਰਾ ਲੂੰ-ਲੂੰ ਜਲ ਰਿਹੈ, ਮੇਰੀ ਨੀਂਦ ਕਿਧਰੋ ਉਡ-ਪੁਡ ਗਈ ਐ। ਬਸ ਕਾਕਾ ਅੱਠੋ ਪਹਿਰ ਯਾਦ ਆਉਂਦਾ ਰਹਿੰਦੈ..... ਮੈਨੂੰ ਉਨੀ ਦੇਰ ਚੈਨ ਨਹੀਂ ਆਉਣੀ ਜਿੰਨੀ ਦੇਰ ਉਹਨੂੰ ਵੇਖ ਨਹੀਂ ਲੈਂਦੀ, ਖੌਰੇ ਉਹਦੀਕੀ ਹਾਲਤ ਹੋਵੇਗੀ। ਭੋਲੀਏ, ਮੈਨੂੰ ਨਾਭੇ ਪੁਚਾਣ ਦੀ ਕੋਈ ਸਕੀਮ ਸੋਚ-ਸਾਰੀ ਉਮਰ ਤੇਰਾ ਅਹਿਸਾਨ ਨਹੀਂ ਭੁੱਲਾਂਗੀ।" ਪਰਤਾਪੀ ਨੇ ਆਪਣਾ ਸਿਰ ਭੋਲੀ ਦੀ ਗੋਦੀ ਵਿੱਚ ਸੁੱਟ ਦਿੱਤਾ ਤੇ ਡੁਬਕਣ ਲੱਗ ਪਈ।

“ਅੜੀਏ ਹੌਸਲਾ ਕਰ, ਮੈਂ ਆਪਣੇ ਦਲੇਲ ਨਾਲ ਗੱਲ ਕਰਕੇ ਤੇਰਾ ਕੋਈ ਬੰਦੋਬਸਤ ਕਰਦੀ ਆਂ.... ਉਹ ਤੈਨੂੰ ਸਰਦਾਰ ਕੋਲ ਛੱਡ ਆਵੇਗਾ। ਹੁਣ ਪੂੰਝ ਛੱਡ ਇਹ ਹੰਝੂ।" ਭੋਲੀ ਨੇ ਹੌਸਲਾ ਦਿੱਤਾ।

“ਭੋਲੀਏ ਤੇਰਾ ਕਰਜ਼ ਕਿਵੇਂ ਚੁਕਾਵਾਂਗੀ?"

“ਬਸ ਦਿਲ ਦੀ ਭਾਫ ਦਿਲ ਵਿੱਚ ਹੀ ਰੱਖ। ਔਹ ਨਰੈਣੀ ਆਉਂਦੀ ਪਈ ਹੈ।"

64/ ਇਸ਼ਕ ਸਿਰਾਂ ਦੀ ਬਾਜ਼ੀ