ਇਕ ਇੰਦਰ ਸੀ ਜਿਹੜਾ ਬੇਗੋ ਲਈ ਸੱਭੋ ਤਸੀਹੇ ਝੱਲਣ ਲਈ ਤਿਆਰ ਸੀ:
ਬੇਗੋ ਮਾਰੇ ਜੁੱਤੀਆਂ, ਫੁੱਲਾਂ ਦੇ ਸਮਾਨ ਜਾਣੂੰ
ਬੇਗੋ ਤਨ ਚਾਹੇ ਮੇਰਾ, ਆਰੇ ਨਾਲ਼ ਚੀਰ ਦੇ।
ਮਹੀਂਵਾਲ ਸੋਹਣੀ ਪਿੱਛੇ, ਮਹੀਂਵਾਲ ਬਣਿਆ ਸੀ
ਕੰਨ ਪੜਵਾਏ ਰਾਂਝੇ, ਪਿੱਛੇ ਜੱਟੀ ਹੀਰ ਦੇ।
ਲੁਹਾਰ ਫਰਿਹਾਦ, ਤੇਸਾ ਮਾਰ ਮੋਇਆ ਪੇਟ ਵਿੱਚ
ਰੁੜ੍ਹੀ ਆਵੇ ਲੋਥ, ਵਿੱਚ ਨਹਿਰ ਵਾਲ਼ੇ ਨੀਰ ਦੇ।
ਬੇਗੋ ਨਾਲ਼ ਜਾਊਂ, ਕਹੇ ਇੰਦਰ ਨਰੈਣ ਸਿੰਘਾ
ਟੋਟੇ ਟੋਟੇ ਕਰ ਚਾਹੇ ਸੁੰਦਰ ਸਰੀਰ ਦੇ।
(ਨਰੈਣ ਸਿੰਘ)
ਡੁੱਬ ਰਹੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਲਹਿਲਾਉਂਦੇ ਪਾਣੀ ਵਿੱਚ ਕੇਸਰ ਘੋਲ ਰਹੀਆਂ ਸਨ। ਚਹਿਚਹਾਂਦੇ ਪੰਛੀ ਆਪਣੇ ਰੈਣ ਬਸੇਰਿਆਂ ਨੂੰ ਪਰਤ ਰਹੇ ਸਨ। ਮਨਚਲੀਆਂ ਮੁਟਿਆਰਾਂ ਦੀ ਇਹ ਟੋਲੀ ਇਕ ਅਨੋਖੀ ਉਲਝਣ ਵਿੱਚ ਫਸੀ ਖੜੀ ਸੀ। ਲਟ-ਲਟ ਜਲ਼ ਰਹੀ ਹੱਟੀ ਦੇ ਚੰਗਿਆੜੇ ਅਜੇ ਵੀ ਉਨ੍ਹਾਂ ਦੇ ਕੰਨਾਂ ਵਿੱਚ ਚਿੜ-ਚਿੜ ਕਰ ਰਹੇ ਸਨ। ਹਜ਼ਾਰਾਂ ਦੀ ਹੱਟੀ ਦਾ ਮਾਲਕ ਕੰਗਾਲ ਹੋਇਆ ਉਨ੍ਹਾਂ ਦੇ ਸਾਹਮਣੇ ਖੜ੍ਹਾ ਹੁਸਨ ਦੀ ਹੱਟੀ ਤੋਂ ਖ਼ੈਰਾਤ ਮੰਗ ਰਿਹਾ ਸੀ। ਬੇਗੋ ਦੀ ਮਾਨਸਿਕ ਹਾਲਤ ਡੱਕੋ ਡੋਲੇ ਖਾਂਦੀ ਪਈ ਸੀ। ਉਹਦੇ ਬਾਪ ਦੀਆਂ ਰੋਹ ਭਰੀਆਂ ਅੱਖਾਂ ਉਹਨੂੰ ਘੂਰਦੀਆਂ ਜਾਪਦੀਆਂ ਸਨ।
“ਬੇਗੋ ਮੇਰੀ ਜ਼ਿੰਦਗੀ ਏ, ਮੈਂ ਇਹਦਾ ਪਿੱਛਾ ਨਹੀਂ ਛੱਡਾਂਗਾ। ਇਹਦੇ ਨਾਲ ਈ ਜਾਵਾਂਗਾ। ਇਹਦੇ ਲਈ ਹਰ ਕੁਰਬਾਨੀ ਕਰਾਂਗਾ। ਜੋ ਇਹ ਹੁਣੇ ਆਖੇ, ਮੈਂ ਇਹਦੇ ਸਾਹਮਣੇ ਰਾਵੀ ਵਿੱਚ ਛਾਲ ਮਾਰ ਦਿਆਂਗਾ। ਬੈਗੋ ਆਖੇ ਤਾਂ ਸਹੀ...।" ਇੰਦਰ ਨੇ ਦਰਿਆ ਦੇ ਠਾਠਾਂ ਮਾਰਦੇ ਪਾਣੀ ਵਲ ਇਸ਼ਾਰਾ ਕਰਕੇ ਕਿਹਾ।
“ਮੇਰੇ ਵਲੋਂ ਤਾਂ ਕਲ੍ਹ ਨੂੰ ਮਰਦਾ ਅੱਜੋ ਡੁੱਬ ਮਰ। ਮੈਂ ਤੈਨੂੰ ਕਦੋਂ ਰੋਕਦੀ ਆਂ।" ਗੁੱਸੇ ਨਾਲ ਬੇਗੋ ਦਾ ਮੁਖੜਾ ਸੂਹਾ ਗੁਲਾਬ ਹੋ ਗਿਆ ਸੀ।
ਬੇਗੋ ਦੇ ਮੁੱਖੋਂ ਇਹ ਬੋਲ ਨਿਕਲਣ ਦੀ ਦੇਰ ਸੀ ਕਿ ਇੰਦਰ ਨੇ ਝੱਟ ਰਾਵੀ ਦਰਿਆ ਵਿੱਚ ਛਾਲ਼ ਮਾਰ ਦਿੱਤੀ।
ਆਹ! ਬੇਗੋ ਦੇ ਬੋਲਾਂ ’ਤੇ ਇੰਦਰ ਨੇ ਜਾਨ ਕੁਰਬਾਨ ਕਰ ਦਿੱਤੀ। ਬੇਗੋ ਝੰਜੋੜੀ ਗਈ। ਇਕ ਪਲ ਉਹ ਅਹਿਲ ਖੜੀ ਰਾਵੀ ਦੀਆਂ ਘੁੰਮਣ ਘੇਰੀਆਂ ਵਲ ਤਕਦੀ ਰਹੀ, ਤਕਦੀ ਰਹੀ। ਉਸ ਦੀ ਤੱਕਣੀ ਵਿੱਚ ਪਛਤਾਵਾ ਸੀ, ਤੜਪ ਸੀ, ਆਪਣੇ ਪਿਆਰੇ ਲਈ ਜਿੰਦੜੀ ਘੋਲ ਘੁਮਾਵਣ ਦੀ ਲਾਲਸਾ ਸੀ।
ਬੇਗੋ ਦੀਆਂ ਸਹੇਲੀਆਂ ਨੇ ਤੱਕਿਆ, ਬੇਗੋ ਉਨ੍ਹਾਂ ਦੇ ਵਿਚਕਾਰ ਨਹੀਂ ਸੀ। ਉਹ ਤਾਂ ਰਾਵੀ ਦੀਆਂ ਖੂਨੀ ਲਹਿਰਾਂ ਵਿਚਕਾਰ ਆਪਣੇ ਪਿਆਰੇ ਇੰਦਰ ਨੂੰ ਲੱਭ ਰਹੀ ਸੀ।
73/ ਇਸ਼ਕ ਸਿਰਾਂ ਦੀ ਬਾਜ਼ੀ