ਪੰਨਾ:ਇਹ ਰੰਗ ਗ਼ਜ਼ਲ ਦਾ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੦

ਸ਼ੁਕਰ ਹੈ ਕਿ ਪੰਜਾਬੀ ਵਿਚ ਸਾਦਗੀ ਦਾ ਗੁਣ ਸੁਭਾਵਕ ਹੀ ਪਾਇਆ ਜਾਂਦਾ ਹੈ ਪਰ ਸਾਦਗੀ ਦਾ ਇਹ ਅਰਥ ਨਹੀਂ ਕਿ ਬੋਲੀ ਅਸਲੋਂ ਹੀ ਬਾਜ਼ਾਰੀ ਹੋਵੇ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਹਰ ਉਹ ਰਚਨਾਂ ਜਿਸ ਵਿਚ ਸਾਦਗੀ ਹੋਵੇ ਸੁਹਣੀ ਅਤੇ ਹਰ-ਮਨ-ਪਿਆਰੀ ਹੋਵੇਗੀ। ਸਾਹਿੱਤ ਦੀ ਬੋਲੀ ਆਮ ਜੰਤਾ ਦੀ ਬੋਲੀ ਨਾਲੋਂ ਕੁਝ ਉਚੇਰੀ ਅਤੇ ਵੱਖਰੀ ਹੁੰਦੀ ਹੈ ਅਤੇ ਸਾਹਿੱਤ ਦੀ ਬੋਲੀ ਵਿਚ ਜਦੋਂ ਸਾਦਗੀ ਦਾ ਭੂਸ਼ਣ ਆਉਂਦਾ ਹੈ ਤਾਂ ਉਹ ਕਿਸੇ ਰਚਨਾਂ ਨੂੰ ਹਰ ਮਨ ਪਿਆਰੀ ਬਣਾ ਦਿੰਦਾ ਹੈ। ਜਦੋਂ ਕੋਈ ਸਾਦਗੀ ਦੇ ਗੁਣ ਨੂੰ ਰਖਣ ਵਾਲਾ ਸ਼ਿਅਰ ਲੋਕਾਂ ਦੇ ਸਾਹਮਣੇ ਆਉਂਦਾ ਹੈ ਤਾਂ ਕਈ ਆਦਮੀ ਇਹ ਖਿਆਲ ਕਰਨ ਲਗ ਜਾਂਦੇ ਹਨ ਕਿ ਅਸੀਂ ਵੀ ਇਸ ਪ੍ਰਕਾਰ ਦੀ ਰਚਨਾ ਕਰ ਸਕਦੇ ਹਾਂ ਪਰ ਜਦੋਂ ਕਲਮ ਦਵਾਤ ਲੈ ਕੇ ਬੈਠਦੇ ਹਨ ਤਾਂ ਓਸ ਪੱਧਰ ਤਕ ਨਹੀਂ ਅਪੜਦੇ। ਪ੍ਰੋ: 'ਰਤਨ' ਦੀਆਂ ਗ਼ਜ਼ਲਾਂ ਵਿਚ ਬਹੁਤ ਸਾਰੇ ਸ਼ਿਅਰ ਇਸ ਤਰ੍ਹਾਂ ਦੇ ਸਾਦਾ ਹਨ ਕਿ ਜੇ ਉਨ੍ਹਾਂ ਦੀ ਵਾਰਤਕ ਬਣਾਉਣਾ ਚਾਹੀਏ ਤਾਂ ਨਹੀਂ ਬਣ ਸਕਦੀ ਅਤੇ ਮੇਰੇ ਵਿਚਾਰ ਵਿਚ ਇਕ ਚੰਗੇ ਸ਼ਿਅਰ ਦਾ ਇਹ ਸਭ ਤੋਂ ਬੜਾ ਗੁਣ ਹੈ। ਮੈਂ ਹੇਠਾਂ ਕੁਝ ਸ਼ਿਅਰ ਦਿੰਦਾ ਹਾਂ ਜਿਨ੍ਹਾਂ ਵਿਚ ਸਾਦਗੀ ਦਾ ਵਧੀਆ ਨਮੂਨਾ ਮਿਲ ਸਕਦਾ ਹੈ:-

ਤੈਂਨੂੰ ਸਾਡੇ ਬਗ਼ੈਰ ਸਰ ਸਕਦੈ
ਸਾਨੂੰ ਤੇਰੇ ਬਿਨਾਂ ਨਾ ਸਰਦਾ ਹੈ।
ਅਪਣੇ ਦਿਲ ਵਿਚ ਨਾ ਜੇ ਖੁਸ਼ੀ ਹੋਵੇ
ਸਾਰੀ ਦੁਨੀਆਂ ਉਦਾਸ ਦਿਸਦੀ ਹੈ
ਕੌਣ ਹੈ ਜਿਹੜਾ ਜੱਗ ਵਿਚ ਆਕੇ
ਕਰਦਾ ਜ਼ਾਹਿਦ ਕੋਈ ਗੁਨਾਹ ਨਹੀਂ?
ਕਿਸ ਲਈ ਮੈਂ ਕਹਾਂ ਤੂੰ ਜ਼ਾਲਮ ਹੈਂ
ਜਦ ਕਿ ਮੇਰਾ ਕੋਈ ਗਵਾਹ ਨਹੀਂ?