ਪੰਨਾ:ਇਹ ਰੰਗ ਗ਼ਜ਼ਲ ਦਾ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੭

ਹੁਸਨ ਨੂੰ ਨੁਮਾਇਸ਼ ਦਾ ਜੇ ਚਾ ਨਾ ਹੁੰਦਾ
ਇਹ ਅੰਬਰ ਨਾ ਹੁੰਦਾ, ਇਹ ਤਾਰੇ ਨਾ ਹੁੰਦੇ
ਅਪਣੀ ਵੀ ਦਿਲ ਲਗੀ ਦਾ ਕੀਤਾ ਹੈ ਤੈਂ ਇਹ ਸਾਧਨ
ਮੇਰੇ ਹੀ ਵਾਸਤੇ ਨਹੀਂ ਦੁਨੀਆਂ ਦਾ ਸਭ ਪਸਾਰਾ

ਇਸੇ ਤਰ੍ਹਾਂ ਤਦਬੀਰ-ਤਕਦੀਰ ਦਾ ਪ੍ਰਸ਼ਨ ਵੀ ਬੜਾ ਗੁੰਝਲਦਾਰ ਹੈ ਏਸ ਵਿਸ਼ੇ ਤੇ ਹੇਠਲੇ ਸ਼ਿਅਰ ਚਾਨਣ ਪਾਉਂਦੇ ਹਨ:-

ਤਦਬੀਰ ਨੇ ਰਾਂਝੇ ਨੂੰ ਮੁੜਕੇ, ਗੋ ਹੀਰ ਦੇ ਨਾਲ ਮਿਲਾ ਦਿੱਤਾ
ਪਰ ਕਿਸਮਤ ਦਾ ਹੇਟਾ ਰਾਂਝਾ, ਪਾ ਹੀਰ ਨੂੰ ਵੀ ਬਰਬਾਦ ਰਿਹਾ
ਹਿੰਮਤ ਦੀ ਡੋਰ ਆਖਰ, ਕਿਸਮਤ ਦੇ ਹੱਥ ਸੌਂਪੀ
ਬੇਬਸ 'ਰਤਨ' ਦਾ ਕੋਈ, ਜਦ ਚੱਲਿਆ ਨਾ ਚਾਰਾ

ਜੀਵਨ-ਮੌਤ ਬਾਰੇ ਕਿਤੇ ਕਿਤੇ ਸੰਕੇਤ ਮਿਲਦੇ ਹਨ। ਮੌਤ ਤੋਂ ਆਦਮੀ ਬਹੁਤ ਡਰਦਾ ਹੈ ਪਰ ਕਵੀ ਕਹਿੰਦਾ ਹੈ:-

ਭਲਾ ਮੌਤ ਕੀ ਮਾਰਦੀ ਆਸ਼ਕਾਂ ਨੂੰ
ਜੇ ਤੇਰੇ ਵੀ ਕੁਝ ਕੁਝ ਇਸ਼ਾਰੇ ਨਾ ਹੁੰਦੇ
ਦੁਨੀਆਂ ਚ ਆਕੇ ਬੰਦਾ, ਕੁਝ ਖੇਡ ਹੈ ਰਚਾਂਦਾ
ਆਖਰ ਹੈ ਕੂਚ ਕਰਦਾ, ਆਂਦੀ ਜਦੋਂ ਹੈ ਬਾਰੀ

ਅਤੇ ਇਥੋਂ ਆਦਮੀ ਨਾਲ ਕੀ ਲੈ ਜਾਂਦਾ ਹੈ?

ਦੁਨੀਆਂ ਤਾਂ ਅਪਣਾ ਮਾਲ ਜ਼ਰਾ, ਇਸ ਨੂੰ ਨਾ ਲੈਂਦੀ ਦਿੰਦੀ ਹੈ ਬੰਦਾ ਇਥੋਂ ਉਹ ਲੈ ਜਾਂਦੈ, ਜੋ ਅਪਣੇ ਨਾਲ ਲਿਆਇਆ ਹੈ

ਕਵੀ ਨੇ ਦੂਜਿਆਂ ਦਾ ਇਹਸਾਨ ਨਾ ਉਠਾਣ ਦੇ ਬਾਰੇ ਵੀ ਕਈ ਥਾਂ ਇਸ਼ਾਰੇ ਕੀਤੇ ਹਨ:-

ਹਿਜਰ ਵਿਚ ਕਦੇ ਮੌਤ ਮਹਿੰਗੀ ਨਾ ਦਿਸਦੀ
ਜੇ ਇਹਸਾਨ ਦੇ ਬੋਝ ਭਾਰੇ ਨਾ ਹੁੰਦੇ