ਪੰਨਾ:ਇਹ ਰੰਗ ਗ਼ਜ਼ਲ ਦਾ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁੰਦਾ ਨਹੀਂ ਗੁਜ਼ਾਰਾ

ਕੰਜੂਸ ਬਣ ਕੇ ਸਾਕੀ, ਹੁੰਦਾ ਨਹੀਂ ਗੁਜ਼ਾਰਾ
ਅਪਣੇ ਪਿਆਸਿਆਂ ਨੂੰ, ਲਾ ਇਸ ਤਰ੍ਹਾਂ ਨਾ ਲਾਰਾ

ਲੱਖਾਂ ਮੁਸੀਬਤਾਂ ਨੇ, ਕੰਮਜ਼ੋਰ ਦਿਲ ਹੈ ਮੇਰਾ
ਤੇਰੇ ਹੀ ਦਰ ਤੇ ਮੈਨੂੰ, ਲੱਭਦਾ ਹੈ ਇਕ ਸਹਾਰਾ

ਅਨਮੋਲ ਚੀਜ਼ ਦੀ ਕੀ, ਕੀਮਤ ਮੈਂ ਦੇ ਸਕਾਂਗਾ?
ਸਾਕੀ ਦੇ ਜਾਮ ਬਦਲੇ, ਰਖਿਆ ਹੈ ਦਿਲ ਉਧਾਰਾ

ਮਿੱਟੀ ਦਾ ਮਾਲ ਆਖਰ, ਮਿੱਟੀ ਨੇ ਸਾਂਭ ਲੈਣਾ
ਭਾਵੇਂ ਕੋਈ ਸਿਕੰਦਰ, ਭਾਵੇਂ ਕੋਈ ਹੈ ਦਾਰਾ

ਬਚਦਾ ਹੈ ਜਾਨ ਦੇ ਕੇ, ਇਹ ਦੇਖਿਆ ਹੈ ਅਕਸਰ
ਹੱਥ ਕਾਲ ਦਾ ਹੈ ਪੈਂਦਾ, ਜਦ ਆਣ ਕੇ ਕਰਾਰਾ

ਸੂਰਜ ਦੇ ਵਾਂਗ ਉਸਦਾ, ਵਧਦਾ ਹੈ ਤੇਜ ਹਰ ਦੰਮ
ਬੰਦੇ ਦਾ ਚਮਕਦਾ ਹੈ, ਜਦ ਆਣ ਕੇ ਸਤਾਰਾ

ਮੈਨੂੰ ਭਰਮ ਇਹ ਪੈਂਦਾ, ਆਸ਼ਕ ਦਾ ਦਿਲ ਹੈ ਟੁਟਿਆ
ਆਕਾਸ਼ ਤੇ ਹੈ ਟੁਟਦਾ, ਰਾਤੀਂ ਜਾਂ ਕੋਈ ਤਾਰਾ

ਹੋਣੀ ਦੇ ਸਾਹਮਣੇ ਕੀ, ਬੰਦੇ ਦੀ ਪੇਸ਼ ਜਾਵੇ
ਮਜਬੂਰ ਨੇ ਫਰਿਸ਼ਤੇ, ਬੰਦਾ ਹੈ ਕੀ ਬਚਾਰਾ