ਪੰਨਾ:ਇਹ ਰੰਗ ਗ਼ਜ਼ਲ ਦਾ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਖਾਏ ਨਾ ਜਾ ਸਕੇ

ਕਿੱਸੇ ਮੁਹੱਬਤਾਂ ਦੇ ਸੁਣਾਏ ਨਾ ਜਾ ਸਕੇ।
ਦਿਲ ਦੇ ਜ਼ਖ਼ਮ ਉਨ੍ਹਾਂ ਨੂੰ ਦਿਖਾਏ ਨਾ ਜਾ ਸਕੇ

ਉਨ੍ਹਾਂ ਦੀ ਬੇਵਫਾਈ ਦੇ ਹੱਥੋਂ ਜੋ ਬੁਝ ਗਏ
ਮੁੜਕੇ ਉਹ ਦੀਪ ਫੇਰ ਜਗਾਏ ਨਾ ਜਾ ਸਕੇ

ਸਾਨੂੰ ਮੁਹੱਬਤਾਂ ਦੀ ਮੁਸੀਬਤ ਦਾ ਸੀ ਪਤਾ
ਦਾਮਨ ਉਨ੍ਹਾਂ ਤੋਂ ਅਪਣੇ ਬਚਾਏ ਨਾ ਜਾ ਸਕੇ

ਜਿਸ ਜਿਸ ਨੂੰ ਤੇਰੀ ਬਜ਼ਮ ਚੋਂ ਹੈ ਮਿਲ ਗਿਆ ਜਵਾਬ
ਮੁੜ ਕੇ ਉਹ ਫੇਰ ਉਥੇ ਬੁਲਾਏ ਨਾ ਜਾ ਸਕੇ

ਨਕਸ਼ੇ ਮੁਹੱਬਤਾਂ ਦੇ ਜੋ ਦਿਲ ਤੇ ਨੇ ਖੁੱਦ ਗਏ
ਜਤਨਾ ਦੇ ਨਾਲ ਵੀ ਉਹ ਮਿਟਾਏ ਨਾ ਜਾ ਸਕੇ

ਸਕਿਆ ਨਾ ਦੱਸ ਸਾਹਮਣੇ ਉਨ੍ਹਾਂ ਦੇ ਦਿਲ ਦਾ ਹਾਲ
ਚਿਹਰੇ ਦੇ ਹਾਵ ਭਾਵ ਲੁਕਾਏ ਨਾ ਜਾ ਸਕੇ

ਸਾਨੂੰ ਸਿਆਣੇ ਪ੍ਰੇਮ ਤੋਂ ਗੋ ਵਰਜਦੇ ਰਹੇ
ਜਜ਼ਬੇ ਮੁਹੱਬਤਾਂ ਦੇ ਦਬਾਏ ਨਾ ਜਾ ਸਕੇ

ਜਿਹੜੇ ਸਮੇਂ ਦੇ ਫੇਰ ਦਾ ਹਨ ਹੋ ਗਏ ਸ਼ਿਕਾਰ
ਮੁੜਕੇ ਉਹ ਖੇਲ ਫੇਰ ਰਚਾਏ ਨਾ ਜਾ ਸਕੇ

ਭਾਵੇਂ ਉਨ੍ਹਾਂ ਦੇ ਹੁਸਨ ਨੂੰ ਦਿੱਤਾ ਅਸੀਂ ਨਿਖਾਰ
ਇਹਸਾਨ ਸਾਥੋਂ ਅਪਣੇ ਜਤਾਏ ਨਾ ਜਾ ਸਕੇ