ਪੰਨਾ:ਇਹ ਰੰਗ ਗ਼ਜ਼ਲ ਦਾ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਰਦਾ ਰਿਹਾ ਹਾਂ

ਕਿਸੇ ਦੇ ਹੁਸਨ ਤੇ ਮੈਂ ਮਰਦਾ ਰਿਹਾ ਹਾਂ
ਕਿਸੇ ਨੂੰ ਸਦਾ ਯਾਦ ਕਰਦਾ ਰਿਹਾ ਹਾਂ

ਮੁਹੱਬਤ ਦੇ ਵਿਚ ਇੰਜ ਲੰਘੀ ਹੈ ਮੇਰੀ
ਨਾ ਜੀਂਦਾ ਰਿਹਾ ਹਾਂ ਨਾ ਮਰਦਾ ਰਿਹਾ ਹਾਂ

ਕਿਸੇ ਦੇ ਸਿਦਕ ਦਾ ਮੈਂ ਫੜ ਕੇ ਸਹਾਰਾ
ਮੁਹੱਬਤ ਦੇ ਸਾਗਰ ਨੂੰ ਤਰਦਾ ਰਿਹਾ ਹਾਂ

ਤੇਰੇ ਇਸ਼ਕ ਵਿਚ ਇਹ ਮੇਰਾ ਹਾਲ ਹੋਇਆ
ਕਿਸੇ ਘਾਟ ਦਾ ਤੇ ਨਾ ਘਰ ਦਾ ਰਿਹਾ ਹਾਂ

ਮੈਂ ਤੇਰੀ ਖੁਸ਼ੀ ਵਿਚ ਖੁਸ਼ੀ ਸਮਝਦਾ ਹਾਂ
ਤੇਰੇ ਗ਼ਮ ਖੁਸ਼ੀ ਨਾਲ ਜਰਦਾ ਰਿਹਾ ਹਾਂ

ਠਿਕਾਣਾ ਹੈ ਇੱਥੇ ਕੋਈ ਚਾਰ ਦਿਨ ਦਾ
ਮੈਂ ਇਸ ਜੀਣ ਉੱਤੇ ਨਾ ਮਰਦਾ ਰਿਹਾ ਹਾਂ

ਮੇਰੀ ਹੋਂਦ ਨੇ ਭੇਦ ਰੱਬੀ ਲੁਕਾਏ
ਮੈਂ ਆਪੇ ਤੋਂ ਅਪਣਾ ਹੀ ਪਰਦਾ ਰਿਹਾ ਹਾਂ

ਮੁਹੱਬਤ ਦਾ ਰਸਤਾ ਜਿਨ੍ਹੇ ਦੱਸਿਆ ਹੈ
ਮੈਂ ਉਸਦਾ ਸਦਾ ਪਾਣੀ ਭਰਦਾ ਰਿਹਾ ਹਾਂ

ਕਿਸੇ ਦੀ ਮੁਹੱਬਤ ਜੇ ਹੈ ਪਾਪ ਕੋਈ
'ਰਤਨ' ਤਾਂ ਮੈਂ ਇਹ ਪਾਪ ਕਰਦਾ ਰਿਹਾ ਹਾਂ