ਪੰਨਾ:ਇਹ ਰੰਗ ਗ਼ਜ਼ਲ ਦਾ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਨੀਆਂ ਦੇ ਹਨੇਰੇ

ਜਤਨ ਲੋਕਾਂ ਨੇ ਗੋ ਕੀਤੇ ਬਥੇਰੇ
ਨਾ ਹੋਏ ਦੂਰ ਦੁਨੀਆਂ ਦੇ ਹਨੇਰੇ

ਮੈਂ ਭੱਜਿਆ, ਦੌੜਿਆ, ਨੱਸਿਆ ਬਥੇਰਾ
ਮੇਰੀ ਮੰਜ਼ਿਲ ਗਈ ਹੁੰਦੀ ਪਰੇਰੇ

ਕਿਵੇਂ ਮਜਨੂੰ ਦੀ ਹੋ ਉਸ ਤਕ ਰਸਾਈ
ਬੜੇ ਉੱਚੇ ਨੇ ਲੈਲਾ ਦੇ ਮੁਨੇਰੇ

ਖੁਸ਼ੀ ਦਾ ਇਕ ਸੁਨੇਹਾ ਦੇਣ ਵਾਲੇ
ਗ਼ਰੀਬਾਂ ਦੇ ਨਾ ਆਏ ਉਹ ਸਵੇਰੇ

ਬੁਰੇ ਵਕਤਾਂ ਦੇ ਵਿਚ ਨਾ ਕੰਮ ਆਏ
ਜਿਨ੍ਹਾਂ ਨੂੰ ਮੈਂ ਸਦਾ ਕਹਿੰਦਾ ਸੀ ਮੇਰੇ

ਜੇ ਮੈਂ ਦੁੱਖਾਂ ਦੇ ਵਿਚ ਫਸਿਆ ਰਿਹਾ ਹਾਂ
ਮਿਰੇ ਪ੍ਰੀਤਮ ਕੀ ਆਇਆ ਹੱਥ ਤੇਰੇ

ਕਦੇ ਉਸ ਨੇ ਨਾ ਪੁੱਛਿਆ ਹਾਲ ਮੇਰਾ
ਮੈਂ ਗੋ ਪਾਂਦਾ ਰਿਹਾ ਉਸ ਦਰ ਤੇ ਫੇਰੇ

ਕਦੇ ਨਾ ਯਾਦ ਅਪਣੀ ਮੌਤ ਆਈ
ਟੁਰੇ ਅੱਖਾਂ ਦੇ ਸਾਂਵੇ ਗੋ ਬਥੇਰੇ

ਫਰੇਬੀ, ਚੋਰ, ਝੂਠੇ, ਪਾਪ-ਕਰਮੀ
ਅਸੀਂ ਸੱਭ ਕੁਝ ਹਾਂ, ਪਰ ਆਖਰ ਹਾਂ ਤੇਰੇ