ਪੰਨਾ:ਇਹ ਰੰਗ ਗ਼ਜ਼ਲ ਦਾ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪੭

ਕੁਝ ਅਪਣੇ ਆਪ ਤੋਂ ਹੀ ਖੋ ਗਿਆ ਮੈਂ
ਜਦੋਂ ਦਾ ਇਸ਼ਕ ਗਲ ਦਾ ਹਾਰ ਹੋਇਆ

ਚੁਭੇ ਬਾਗ਼ਾਂ ਦੇ ਵਿਚ ਹਿਜਰਾਂ ਦੇ ਕੰਡੇ
ਹਰ ਇਕ ਫੁੱਲ ਮੇਰੀ ਖ਼ਾਤਰ ਖ਼ਾਰ ਹੋਇਆ

ਦਿਲਾਂ ਦਾ ਮੁੱਲ ਉਥੇ ਪੈਣ ਲਗਾ
ਹੁਸਨ ਦਾ ਗਰਮ ਜਦ ਬਾਜ਼ਾਰ ਹੋਇਆ

ਹਮੇਸ਼ਾ ਦੀ ਉਮਰ ਤਦ ਇਸ ਨੇ ਪਾਈ
ਹੁਸਨ ਦਾ ਇਸ਼ਕ ਪਹਿਰੇਦਾਰ ਹੋਇਆ

ਮੁਹੱਬਤ ਦਾ ਸ਼ੁਰੂ ਤੋਂ ਹੈ ਇਹ ਦਸਤੂਰ
ਜੋ ਸਰ ਦੇਵੇ ਉਹੀ ਸਰਦਾਰ ਹੋਇਆ

ਗਈ ਭੁੱਲ ਹੀਰ ਅਪਣਾ ਰੂਪ ਸਾਰਾ
ਜਦੋਂ ਰਾਂਝਨ ਦਾ ਸੀ ਦੀਦਾਰ ਹੋਇਆ

ਕੋਈ ਦਿਲ ਵਿਚ ਘਰ ਕਰ ਬੈਠਦਾ ਹੈ
ਇਸੇ ਨੂੰ ਆਖਦੇ ਨੇ ਪਿਆਰ ਹੋਇਆ

ਭਲਾ ਉਸ ਨਾਲ ਕਿੱਦਾਂ ਇਸ਼ਕ ਕਰੀਏ
ਨਿਰਾਕਾਰੋਂ ਨਾ ਜੋ ਸਾਕਾਰ ਹੋਇਆ

'ਰਤਨ' ਉਸ ਦਾ ਖਿਆਲ ਆਉਂਦਾ ਹੀ ਰਹਿੰਦੈ
ਹੈ ਉਸ ਦਾ ਮੇਲ ਗੋ ਦੁਸ਼ਵਾਰ ਹੋਇਆ