ਪੰਨਾ:ਇਹ ਰੰਗ ਗ਼ਜ਼ਲ ਦਾ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਸ ਦਿਸਦੀ ਹੈ

ਮੇਲ ਦੀ ਕੁਝ ਤਾਂ ਆਸ ਦਿਸਦੀ ਹੈ
ਅੱਜ ਕਿਸਮਤ ਵੀ ਰਾਸ ਦਿਸਦੀ ਹੈ

ਤਾਬ ਦੀਦਾਰ ਦੀ ਜੋ ਲਾ ਸਕਦੀ
ਉਹ ਨਜ਼ਰ ਕੋਈ ਖਾਸ ਦਿਸਦੀ ਹੈ

ਅਕਲ ਨੂੰ ਦੂਰ ਜੋ ਦਿਸੇ ਮੰਜ਼ਿਲ
ਇਸ਼ਕ ਨੂੰ ਉਹ ਵੀ ਪਾਸ ਦਿਸਦੀ ਹੈ

ਅਪਣੇ ਦਿਲ ਵਿਚ ਨਾ ਜੇ ਖੁਸ਼ੀ ਹੋਵੇ
ਸਾਰੀ ਦੁਨੀਆਂ ਉਦਾਸ ਦਿਸਦੀ ਹੈ

ਭਾਵੇਂ ਹੋਣੀ ਨੂੰ ਸਮਝਦੇ ਨੇ ਬੜਾ
ਇਸ਼ਕ ਦੀ ਉਹ ਵੀ ਦਾਸ ਦਿਸਦੀ ਹੈ

ਦਿਲ ਦੇ ਸ਼ੀਸ਼ੇ 'ਚ ਯਾਰ ਦੀ ਸੂਰਤ
ਹਰ ਘੜੀ ਹਰ ਸੁਆਸ ਦਿਸਦੀ ਹੈ

ਮੁਰਦਿਆਂ ਨੂੰ ਜਵਾਏ ਜੋ ਅਕਸੀਰ
ਉਹ ਵੀ ਸਾਕੀ ਦੇ ਪਾਸ ਦਿਸਦੀ ਹੈ

ਹੇ ਹਕੀਮੇਂ ਨਾ ਸ਼ਰਬਤਾਂ ਦੇ ਨਾਲ
ਬੁਝਦੀ ਦਿਲ ਦੀ ਪਿਆਸ ਦਿਸਦੀ ਹੈ

ਜਾਲ ਵਿਚ ਇਸ਼ਕ ਦੇ ਜੋ ਆ ਫਸਿਆ
ਉਸ ਦੀ ਮੁਸ਼ਕਲ ਖਲਾਸ ਦਿਸਦੀ ਹੈ

ਹੱਥੋਂ ਦੁਨੀਆਂ ਦੇ ਹੇ 'ਰਤਨ' ਸਾਡੀ
ਪੂਰੀ ਹੁੰਦੀ ਨਾ ਆਸ ਦਿਸਦੀ ਹੈ।