ਪੰਨਾ:ਇਹ ਰੰਗ ਗ਼ਜ਼ਲ ਦਾ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਰਮਾਂਦਾ ਰਿਹਾ ਹਾਂ

 
ਹਜ਼ੂਰੀ ਤੋਂ ਮੈਂ ਕਤਰਾਂਦਾ ਰਿਹਾ ਹਾਂ
ਗੁਨਾਹ ਕਰਦਾ ਤੇ ਪਛਤਾਂਦਾ ਰਿਹਾ ਹਾਂ

ਜਵਾਨੀ ਵਿਚ ਢੋ ਪਾਪਾਂ ਦੇ ਭਾਰੇ
ਬੁੜ੍ਹਾਪੇ ਵਿਚ ਸ਼ਰਮਾਂਦਾ ਰਿਹਾ ਹਾਂ

ਗੁਨਾਹਾਂ ਵਿਚ ਮੈਂ ਕਰਕੇ ਦਲੇਰੀ
*ਤੇਰੀ ਰਹਿਮਤ ਨੂੰ ਅਜ਼ਮਾਂਦਾ ਰਿਹਾ ਹਾਂ

ਗੁਨਾਹਾਂ ਦਾ ਨਾ ਸੁਝਿਆ ਕੁਝ ਬਹਾਨਾ
ਇਸੇ ਕਾਰਨ ਮੈਂ ਘਬਰਾਂਦਾ ਰਿਹਾ ਹਾਂ

ਬਹਾਰਾਂ ਵਿਚ ਇਕ ਦੋ ਘੁੱਟ ਪੀ ਕੇ
ਮੈਂ ਚੰਚਲ ਮਨ ਨੂੰ ਪਰਚਾਂਦਾ ਰਿਹਾ ਹਾਂ

ਸਮਝਦਾ ਹੀ ਰਿਹਾ ਫਾਨੀ ਨੂੰ ਬਾਕੀ
ਮੈਂ ਇਹ ਧੋਖਾ ਸਦਾ ਖਾਂਦਾ ਰਿਹਾ ਹਾਂ

ਨਾ ਖਾਲੀ ਹੋਣ ਜਿਖੇ ਸੁਰਖ਼ ਪਿਆਲੇ
ਮੈਂ ਉਸ ਮਹਿਫਲ ਤੋਂ ਕਤਰਾਂਦਾ ਰਿਹਾ ਹਾਂ

ਧਰਮ ਨੇ ਜਿਧਰੋਂ ਰੋਕਾਂ ਸੀ ਪਾਈਆਂ
ਮੈਂ ਉਧਰ ਨੱਸ ਕੇ ਜਾਂਦਾ ਰਿਹਾ ਹਾਂ

'ਰਤਨ' ਬਖਸ਼ਿਸ਼ ਦਾ ਦਰ ਭਾਵੇਂ ਹੈ ਖੁਲ੍ਹਾ
ਸਜ਼ਾ ਤੋਂ ਫਿਰ ਵੀ ਘਬਰਾਂਦਾ ਰਿਹਾ ਹਾਂ

  • ਤਿਰੀ ਪੜ੍ਹੋ