ਪੰਨਾ:ਇਹ ਰੰਗ ਗ਼ਜ਼ਲ ਦਾ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਈ ਦਾ ਪਰਦਾ ਹੈ

 
ਕੋਈ ਜੀਂਦਾ ਹੈ ਯਾ ਕਿ ਮਰਦਾ ਹੈ
ਇਸ ਦੀ ਪਰਵਾਹ ਕੌਣ ਕਰਦਾ ਹੈ

ਮੈਨੂੰ ਮਹਿਫ਼ਿਲ ਚੋਂ ਕੱਢ ਕਹਿੰਦੇ ਨੇ
ਇਸ ਦਾ ਕੀ ਹੈ ? ਇਹ ਬੰਦਾ ਘਰ ਦਾ ਹੈ

ਇਸ ਦੀ ਪਰਵਾਹ ਨਹੀਂ ਝਨਾਵਾਂ ਨੂੰ
ਡੁੱਬਦਾ ਹੈ ਕੋਈ ਕਿ ਤਰਦਾ ਹੈ

ਲੁੱਕ ਕੇ ਬਹਿਣਾ ਨਹੀਂ ਹੈ ਜੇ ਮੰਨਜ਼ੂਰ
ਤਾਣਿਆ ਕਿਸ ਲਈ ਇਹ ਪਰਦਾ ਹੈ

ਤਦ ਹੀ ਸੜਦਾ ਹੈ ਕੋਈ ਇਸ਼ਕ ਅੰਦਰ
ਜਦ ਨਾ ਇਸ ਤੋਂ ਬਗ਼ੈਰ ਸਰਦਾ ਹੈ

ਸੜਨ ਵਿਚ ਵੀ ਸੁਆਦ ਹੈ ਕੋਈ
ਤਾਂ ਪਤੰਗਾ ਇਹ ਦੁੱਖ ਜਰਦਾ ਹੈ

ਉਹ ਨਾ ਡਰਿਆ ਕਿਸੇ ਮੁਸੀਬਤ ਤੋਂ
ਜਿਸ ਦੇ ਦਿਲ ਇਸ਼ਕ ਤੇਰੇ ਦਰ ਦਾ ਹੈ

ਤੈਨੂੰ ਸਾਡੇ ਬਗ਼ੈਰ ਸਰ ਸਕਦੈ
ਸਾਨੂੰ ਤੇਰੇ ਬਿਨਾਂ ਨਾ ਸਰਦਾ ਹੈ

ਕਹਿਣੀ ਕਰਨੀ ਦੇ ਵਿਚ ਬੜਾ ਹੈ ਫਰਕ
ਕੋਈ ਕਹਿੰਦਾ ਤੇ ਕੋਈ ਕਰਦਾ ਹੈ