ਪੰਨਾ:ਇਹ ਰੰਗ ਗ਼ਜ਼ਲ ਦਾ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਨਾਹ ਨਹੀਂ

ਲੱਭਦਾ ਤੇਰੇ ਦਰ ਦਾ ਰਾਹ ਨਹੀਂ
ਪੂਰੀ ਹੁੰਦੀ ਦਰਸ ਦੀ ਚਾਹ ਨਹੀਂ

ਕੌਣ ਹੈ ਜਿਹੜਾ ਜੱਗ ਵਿਚ ਆਕੇ
ਕਰਦਾ ਜ਼ਾਹਿਦ ਕੋਈ ਗੁਨਾਹ ਨਹੀਂ

ਕੌਣ ਕਿਸਮਤ ਦਾ ਹੈ ਬਲੀ ਜਿਹੜਾ
ਇਸ਼ਕ ਵਿਚ ਹੋ ਗਿਆ ਤਬਾਹ ਨਹੀਂ

ਕਿਸ ਤਰ੍ਹਾਂ ਮੈਂ ਕਹਾਂ ਤੂੰ ਜ਼ਾਲਿਮ ਹੈਂ
ਜਦ ਕਿ ਮੇਰਾ ਕੋਈ ਗਵਾਹ ਨਹੀਂ

ਤੇਰੇ ਦਿਲ ਤੇ ਅਸਰ ਕਿਵੇਂ ਹੋਵੇ
ਪੁਜਦੀ ਤੇਰੇ ਤਕ ਤਾਂ ਆਹ ਨਹੀਂ

ਜੇ ਤੂੰ ਐਦਾਂ ਹੀ ਚੁਪ ਰਹਿਣਾ ਹੈ
ਫੇਰ ਹੋਣਾ ਮੇਰਾ ਨਿਬਾਹ ਨਹੀਂ

ਰਾਂਝਿਆ ! ਹੀਰ ਨੇ ਨਹੀਂ ਮਿਲਣਾ
ਪਾਂਦਾ ਸਿਰ ਵਿਚ ਅਗਰ ਸੁਆਹ ਨਹੀਂ

ਇਸ਼ਕ ਕਰਦਾ ਹੈ ਪੂਰਾ ਅਪਣਾ ਕੌਲ
ਹੁਸਨ ਦਾ ਭਾਵੇਂ ਕੁਝ ਵਿਸਾਹ ਨਹੀਂ