ਪੰਨਾ:ਇਹ ਰੰਗ ਗ਼ਜ਼ਲ ਦਾ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੌਜੀ ਹੀ ਸਨ ਅਤੇ ਉਨ੍ਹਾਂ ਦੀਆਂ ਛਾਉਣੀਆਂ ਵਿਚ ਹੀ ਇਸ ਬੋਲੀ ਦੀ ਬਹੁਤੀ ਵਰਤੋਂ ਕੀਤੀ ਜਾਂਦੀ ਸੀ ਇਸ ਲਈ ਇਸ ਮਿੱਸੀ ਜਿਹੀ ਬੋਲੀ ਦਾ ਨਾਂ ਉਰਦੂ ਪੈ ਗਿਆ। ਹੌਲੀ ਹੌਲੀ ਇਹ ਬੋਲੀ ਉਨੱਤ ਹੁੰਦੀ ਗਈ ਅਤੇ ਇਸ ਵਿਚ ਸਾਹਿੱਤ ਵੀ ਰਚਿਆ ਜਾਣ ਲਗਾ। ਪਹਿਲਾਂ ਇਸ ਬੋਲੀ ਨੂੰ ਬਹੁਤਾ ਮੁਸਲਮਾਨ ਹੀ ਵਰਤਦੇ ਰਹੇ ਇਸ ਲਈ ਇਸ ਵਿਚ ਅਰਬੀ, ਫਾਰਸ਼ੀ ਅਤੇ ਤੁਰਕੀ ਦੇ ਸ਼ਬਦਾਂ ਦੀ ਭਰਮਾਰ ਹੋ ਗਈ। ਇਸ ਦਾ ਲਿਖਣ ਢੰਗ ਵੀ ਫਾਰਸੀ ਲਿਪੀ ਵਾਂਗ ਸੱਜੇ ਤੋਂ ਖੱਬੇ ਨੂੰ ਟੁਰਦਾ ਹੈ। ਸਾਹਿੱਤ ਵਿਚ ਵੀ ਉਰਦੂ ਨੇ ਫਾਰਸੀ ਦਾ ਹੀ ਅਨੁਕਰਣ ਕੀਤਾ ਅਤੇ ਜਿਸ ਪ੍ਰਕਾਰ ਦਾ ਸਾਹਿੱਤ ਫਾਰਸੀ ਵਿਚ ਮੌਜੂਦ ਸੀ ਉਸੇ ਤਰ੍ਹਾਂ ਦਾ ਉਰਦੂ ਵਿਚ ਪਰਚਲਤ ਹੋ ਗਿਆ। ਇਸ ਬੋਲੀ ਨੂੰ ਮੁਸਲਮਾਨ ਰਾਜ ਦਰਬਾਰਾਂ ਦੀ ਸਹਾਇਤਾ ਪ੍ਰਾਪਤ ਸੀ ਜਿਸ ਦੇ ਕਾਰਨ ਇਹ ਬਹੁਤ ਛੇਤੀ ਉੱਨਤ ਹੋ ਗਈ। ਜਿਹੜੀ ਬੋਲੀ ਕਿਸੇ ਰਾਜ ਦਰਬਾਰ ਵਿਚ ਮਾਣ ਪ੍ਰਾਪਤ ਕਰ ਲੈਂਦੀ ਹੈ ਉਹ ਛੇਤੀ ਹੀ ਮਾਂਝੀ ਸੰਵਾਰੀ ਜਾਂਦੀ ਹੈ ਅਤੇ ਉਸ ਦੀ ਕਦਰ ਵੀ ਜਨਤਾ ਦੇ ਦਿਲਾਂ ਵਿਚ ਵੱਧ ਜਾਂਦੀ ਹੈ।

ਗਜ਼ਲ ਕਿਸ ਨੂੰ ਆਖਦੇ ਹਨ:-

ਫਾਰਸੀ ਵਿਚ ਜਿਥੇ ਤੀਕ ਕਵਿਤਾ ਦਾ ਸੰਬੰਧ ਹੈ ਹੇਠ ਲਿਖੀਆਂ ਕਿਸਮਾਂ ਵਧੇਰੇ ਮਿਲਦੀਆਂ ਹਨ। ਕਸੀਦਾ, ਗ਼ਜ਼ਲ, ਰੁਬਾਈ, ਮਸਨਵੀ। ਕਸੀਦੇ ਵਿਚ ਕਿਸੇ ਬਾਦਸ਼ਾਹ ਜਾਂ ਕਦੇ ਕਦੇ ਕਿਸੇ ਮੌਸਮ ਆਦਿ ਦੀ ਉਸਤਤੀ ਹੁੰਦੀ ਹੈ। ਮਸਨਵੀ ਵਿਚ ਲੰਮੇ ਲੰਮੇ ਕਿੱਸੇ ਬਿਆਨ ਕੀਤੇ ਜਾਂਦੇ ਹਨ। ਰੁਬਾਈ ਚਾਰ ਸਤਰਾਂ ਦੀ ਹੁੰਦੀ ਹੈ ਜਿਸ ਵਿਚ ਇਕ ਵਿਚਾਰ ਬਹੁਤ ਪ੍ਰਧਾਨ ਹੁੰਦਾ ਹੈ। ਇਨ੍ਹਾਂ ਤਿੰਨਾਂ ਕਿਸਮਾਂ ਨਾਲ ਸਾਡੇ ਵਿਸ਼ੇ ਦਾ ਬਹੁਤਾ ਸੰਬੰਧ ਨਹੀਂ ਹੈ।