ਪੰਨਾ:ਇਹ ਰੰਗ ਗ਼ਜ਼ਲ ਦਾ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਰ ਤੇ ਆਇਆ ਹੈ

 
ਅੱਜ ਫੇਰ ਪੁਰਾਣਾ ਇਕ ਗਾਹਕ, ਸਾਕੀ ਦੇ ਦਰ ਤੇ ਆਇਆ ਹੈ
ਸ਼ਾਇਦ ਜੀਵਨ ਦਾ ਭੇਦ ਕੋਈ, ਇਸ ਨੇ ਇਸ ਦਰ ਤੋਂ ਪਾਇਆ ਹੈ

ਭਾਈ ਕਿਉਂ ਬੁੜ ਬੁੜ ਕਰਦਾ ਹੈਂ, ਮੈਂ ਅਪਣੇ ਪੈਸੇ ਖਰਚੇ ਨੇ
ਕੀ ਹੋਇਆ ਜੇ ਦੋ ਘੁੱਟਾਂ ਪੀ, ਮੈ ਅਪਣਾ ਮਨ ਪਰਚਾਇਆ ਹੈ

ਕਿਉਂ ਐਵੇਂ ਖਪ ਖਪ ਮਰਦਾ ਹੈਂ, ਤੇ ਨੱਸ ਭਜਾਈ ਕਰਦਾ ਏਂ
ਨਿਰਨਾ ਹੈ ਮੌਤ ਨੇ ਕਰ ਦੇਣਾ, ਕੀ ਖੋਇਆ ਹੈ ਕੀ ਪਾਇਆ ਹੈ

ਜੀਵਨ ਤੇ ਮੌਤ ਦੀ ਉਲਝਣ ਵਿਚ, ਐਵੇਂ ਹੀ ਫਸੇ ਸਿਆਣੇ ਨੇ
ਭਾਵੇਂ ਗੱਲ ਬਿਲਕੁਲ ਸਿੱਧੀ ਹੈ, ਉਹ ਜਾਂਦਾ ਹੈ ਜੋ ਆਇਆ ਹੈ

ਭਾਈ ਜੀ ਜੋ ਕੁਝ ਕਹਿੰਦੇ ਹੋ, ਇਹ ਮੰਨਣਾ ਨਹੀਂ ਪਿਆਕਾਂ ਨੇ
ਇਸ ਦਾ ਪੀਣਾ ਤਾਂ ਚੰਗਾ ਨਹੀਂ, ਇਹ ਠੀਕ ਤੁਸਾਂ ਫ਼ਰਮਾਇਆ ਹੈ

ਮੈਖ਼ਾਨੇ ਦੇ ਅੰਦਰ ਆ ਕੇ, ਮੈਂ ਭੁੱਲ ਜਾਂਦਾ ਹਾਂ ਫ਼ਿਕਰਾਂ ਨੂੰ
ਇਹ ਸਭ ਸਾਕੀ ਦੀ ਬਰਕਤ ਹੈ, ਇਹ ਸਭ ਸਾਕੀ ਦੀ ਮਾਇਆ ਹੈ

ਬਿਨ ਪੀਤੇ ਮਸਤੀ ਚੜ੍ਹਦੀ ਹੈ, ਸਾਕੀ ਦਾ ਦਰਸ ਜਦੋਂ ਹੋਵੇ
ਮੇਰੇ ਉਤੇ ਤਾਂ ਸਾਕੀ ਦਾ, ਪੈ ਜਾਂਦਾ ਕੋਈ ਸਾਇਆ ਹੈ

ਦੁਨੀਆਂ ਤਾਂ ਅਪਣਾ ਮਾਲ ਜ਼ਰਾ, ਇਸ ਨੂੰ ਨਾ ਦਿੰਦੀ ਲੈਂਦੀ ਹੈ
ਬੰਦਾ ਇਥੋਂ ਉਹ ਲੈ ਜਾਂਦੈ, ਜੋ ਅਪਣੇ ਨਾਲ ਲਿਆਇਆ ਹੈ

ਖੁਸ਼ੀਆਂ ਵਿਚ ਹਰ ਕੋਈ ਸਾਥੀ ਹੈ, ਪਰ ਔਖੇ ਵੇਲੇ ਛੱਡ ਜਾਂਦੇ
ਦੁਨੀਆਂ ਨੂੰ 'ਰਤਨ' ਅਸੀਂ ਕਾਫ਼ੀ, ਇਥੇ ਆਕੇ ਅਜ਼ਮਾਇਆ ਹੈ।