ਪੰਨਾ:ਇਹ ਰੰਗ ਗ਼ਜ਼ਲ ਦਾ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਹਿਣਾ ਹੀ ਪੈਂਦਾ ਹੈ


ਕਦੇ ਉਹਨਾਂ ਨੂੰ ਦਿਲ ਦਾ ਹਾਲ ਗੋ ਕਹਿਣਾ ਹੀ ਪੈਂਦਾ ਹੈ
ਕਦੇ ਗੁੱਸੇ ਨੂੰ ਤੱਕ ਕੇ ਚੁੱਪ ਵੀ ਰਹਿਣਾ ਹੀ ਪੈਂਦਾ ਹੈ

ਨਹੀਂ ਫੁੱਲਾਂ ਦੀ ਕੋਈ ਸੇਜ ਇਹ, ਪਰ ਫੇਰ ਵੀ ਮਿੱਤਰ
ਉਮਰ ਕੱਟਣ ਦੀ ਖ਼ਾਤਰ, ਜੱਗ ਵਿਚ ਰਹਿਣਾ ਹੀ ਪੈਂਦਾ ਹੈ

ਬੜਾ ਔਖਾ ਹੈ ਭਾਵੇਂ ਆਦਮੀ ਦੇ ਜ਼ੁਲਮ ਨੂੰ ਸਹਿਣਾ
ਹੁਸੀਨਾਂ ਦਾ ਜ਼ੁਲਮ ਬੰਦੇ ਨੂੰ ਪਰ ਸਹਿਣਾ ਹੀ ਪੈਂਦਾ ਹੈ

ਮੈਂ ਮੰਨਦਾਂ ਤੇਰੀ ਹੱਸਤੀ ਫੁੱਲ ਦੀ ਪੱਤੀ ਤੋਂ ਨਾਜ਼ੁਕ ਹੈ
ਕਦੇ ਫੁੱਲਾਂ ਨੂੰ ਖ਼ਾਰਾਂ ਨਾਲ ਵੀ ਖਹਿਣਾ ਹੀ ਪੈਂਦਾ ਹੈ

ਮੁਸੀਬਤ ਦੇ ਮੁਕਾਬਿਲ ਡੱਟ ਕੇ ਖੜਨਾ ਹੈ ਬੜੀ ਖੂਬੀ
ਕਦੇ ਦਰਿਆ ਦੇ ਪਾਣੀ ਨੂੰ ਨਾਲ ਗੋ ਬਹਿਣਾ ਹੀ ਪੈਂਦਾ ਹੈ

ਬੜਾ ਔਖਾ ਹੈ ਭਾਵੇਂ ਆਦਮੀ ਦਾ ਆਦਮੀ ਬਣਨਾ
ਹਰ ਇਕ ਇਨਸਾਨ ਨੂੰ ਪਰ ਆਦਮੀ ਕਹਿਣਾ ਹੀ ਪੈਂਦਾ ਹੈ

'ਰਤਨ' ਅੱਛਾ ਹੈ ਦੁਨੀਆਂ ਤੋਂ ਅਛੋਹ ਰਹਿਕੇ ਤੂੰ ਟੁਰ ਜਾਵੇਂ
ਕੰਵਲ ਨੂੰ ਜਿਸ ਤਰ੍ਹਾਂ ਪਾਣੀ ਦੇ ਵਿਚ ਰਹਿਣਾ ਹੀ ਪੈਂਦਾ ਹੈ