ਪੰਨਾ:ਇਹ ਰੰਗ ਗ਼ਜ਼ਲ ਦਾ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਲਵਾ ਯਾਰ ਦਾ

 

ਉੱਠਦਾ ਜਜ਼ਬਾ ਹੈ ਦਿਲ ਵਿਚ ਪਿਆਰ ਦਾ
ਜਦ ਨਜ਼ਰ ਆਉਂਦਾ ਹੈ ਜਲਵਾ ਯਾਰ ਦਾ

ਜਿਸ ਦੇ ਦਿਲ ਵਿਚ ਪਿਆਰ ਹੈ ਦਿਲਦਾਰ ਦਾ
ਉਹ ਕਦੇ ਹਿੰਮਤ ਨਹੀਂ ਹੈ ਹਾਰਦਾ

ਉਲਟਾ ਰਸਤਾ ਦੇਖ ਤੂੰ ਸੰਸਾਰ ਦਾ
ਪਿਆਰ ਨੂੰ ਇਨਆਮ ਹੈ ਅੰਗਿਆਰ ਦਾ

ਇਸ਼ਕ ਨੂੰ ਹੈ ਵਾਸਤਾ ਇਕਰਾਰ ਦਾ
ਕੀ ਫ਼ਿਕਰ ਹੈ ਹੁਸਨ ਦੇ ਇਨਕਾਰ ਦਾ

ਉਸਦਾ ਜੋਬਨ ਦਿਲ ਤੇ ਡਾਕੇ ਮਾਰਦਾ
ਠੱਗ ਜਿਸ ਨੂੰ ਆਖਦੇ ਬਾਜ਼ਾਰ ਦਾ

ਭੋਲਾ ਦਿਲ ਐਵੇਂ ਹੈ ਧੋਖਾ ਖਾ ਰਿਹਾ
ਰੰਗ ਹੈ ਇਕਰਾਰ ਵਿਚ ਇਨਕਾਰ ਦਾ

ਉਸ ਨੂੰ ਕੋਈ ਏਸ ਦੀ ਪਰਵਾਹ ਨਹੀਂ
ਜਾਨ ਭਾਵੇਂ ਉਸ ਤੇ ਹਾਂ ਮੈਂ ਵਾਰਦਾ

ਪਿਆਰ ਤੋਂ ਜੋ ਦਿਲ ਰਿਹਾ ਹੈ ਸੱਖਣਾ
ਕੀ ਪਤਾ ਉਸਨੂੰ ਕਿਸੇ ਦੇ ਪਿਆਰ ਦਾ?

ਜੀਭ ਦੇ ਨਾ ਫੱਟ ਮਿਲਦੇ ਨੇ ਕਦੀ
ਫੱਟ ਮਿਲ ਜਾਂਦਾ ਹੈ ਗੋ ਤਲਵਾਰ ਦਾ