ਪੰਨਾ:ਇਹ ਰੰਗ ਗ਼ਜ਼ਲ ਦਾ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮਾ ਗਿਆ ਕੋਈ

ਐਸਾ ਜਲਵਾ ਦਿਖਾ ਗਿਆ ਕੋਈ
ਦਿਲ ਦੇ ਅੰਦਰ ਸਮਾ ਗਿਆ ਕੋਈ

ਲਿਸ਼ਕ ਬਿਜਲੀ ਦੀ ਜਿਸ ਤਰ੍ਹਾਂ ਹੋਵੇ
ਇੰਜ ਸੂਰਤ ਦਿਖਾ ਗਿਆ ਕੋਈ

ਨਾ ਬੁਝੇ ਫੇਰ ਜਿਹੜੀ ਸਾਰੀ ਉਮਰ
ਅੱਗ ਐਸੀ ਲਗਾ ਗਿਆ ਕੋਈ

ਸੁਪਨਾ ਜਿੱਦਾਂ ਕੋਈ ਹੈ ਛੁਪ ਜਾਂਦਾ
ਸਾਹਮਣੇ ਤੋਂ ਚਲਾ ਗਿਆ ਕੋਈ

ਦੀਪ ਆਸਾਂ ਦੇ ਜੋ ਬੁਝੇ ਚਿਰ ਤੋਂ
ਦਰਸ ਦੇ ਕੇ ਜਗਾ ਗਿਆ ਕੋਈ

ਸੁੱਤੀ ਹੋਈ ਕਲੀ ਸੀ ਇਸ ਦਿਲ ਦੀ
ਮੁੜਕੇ ਇਸ ਨੂੰ ਖਿਲਾ ਗਿਆ ਕੋਈ

ਜ਼ਿੰਦਗੀ ਮੌਤ ਦੀ ਹਕੀਕਤ ਨੂੰ
ਆ ਕੇ, ਜਾ ਕੇ, ਦਿਖਾ ਗਿਆ ਕੋਈ

ਜਿਸ ਦਾ ਹੁਣ ਵੀ ਖ਼ੁਮਾਰ ਬਾਕੀ ਹੈ
ਨੈਣਾਂ ਥਾਈਂ ਪਿਲਾ ਗਿਆ ਕੋਈ

ਉਜੜੀ ਹੋਈ ਦਿਲ ਦੀ ਦੁਨੀਆਂ ਨੂੰ
'ਰਤਨ' ਮੁੜਕੇ ਬਸਾ ਗਿਆ ਕੋਈ