ਪੰਨਾ:ਇਹ ਰੰਗ ਗ਼ਜ਼ਲ ਦਾ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਣਾ ਨਾ ਸਕੇ

 

ਉਸਦੀ ਮਹਿਫ਼ਿਲ ਦੇ ਵਿਚ ਜਾ ਨਾ ਸਕੇ
ਅਪਣੀ ਕਿਸਮਤ ਵੀ ਆਜ਼ਮਾ ਨਾ ਸਕੇ

ਭਾਵੇਂ ਹਿੰਮਤ ਰਹੇ ਬਹੁਤ ਕਰਦੇ
ਵੇਦਨਾ ਦਿਲ ਦੀ ਪਰ ਸੁਣਾ ਨਾ ਸਕੇ

ਹੱਥ ਖਾਲੀ ਹੀ ਆ ਗਏ ਉਥੋਂ
ਇੱਥੋਂ ਵੀ ਕੋਈ ਸ਼ੈ ਲਜਾ ਨਾ ਸਕੇ

ਐਸੀ ਦਿਲ ਖਿੱਚਵੀਂ ਹੈ ਉਹ ਦੁਨੀਆਂ
ਜੋ ਗਏ ਫੇਰ ਮੁੜ ਕੇ ਆ ਨਾ ਸਕੇ

ਭਾਲ ਵਿਚ ਜਿਹੜੇ ਖੋ ਗਏ ਤੇਰੀ
ਕੁਝ ਅਪਣਾ ਪਤਾ ਵੀ ਪਾ ਨਾ ਸਕੇ

ਜਤਨ ਕੀਤੇ ਬਹੁਤ ਹਕੀਮਾਂ ਨੇ
ਮੌਤ ਸਾਂਵੇਂ ਕਦਮ ਜਮਾ ਨਾ ਸਕੇ

ਅੱਗ ਐਸੀ ਲਗਾਈ ਦਿਲ ਅੰਦਰ
ਮੁੜ ਕੇ ਜਿਸ ਨੂੰ ਕਦੇ ਬੁਝਾ ਨਾ ਸਕੇ

ਖੁੱਦ ਗਿਆ ਨਕਸ਼ ਜੋ ਮੁਹੱਬਤ ਦਾ
ਦਿਲ ਤੋਂ ਉਸ ਨੂੰ ਕਦੇ ਮਿਟਾ ਨਾ ਸਕੇ

ਜ਼ਖ਼ਮ ਦਿਲ ਦੇ ਜੋ ਬਣ ਗਏ ਨਾਸੂਰ
ਚੀਰ ਕੇ ਤੈਨੂੰ ਦਿਲ ਦਿਖਾ ਨਾ ਸਕੇ