ਪੰਨਾ:ਇਹ ਰੰਗ ਗ਼ਜ਼ਲ ਦਾ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਝਨਾਂ ਨਾ ਤਰਦੀ

 

ਕੋਇਲ ਹੈ ਬਾਗ਼ ਨੂੰ ਕਿਉਂ ਹੂਕਾਂ ਦੇ ਨਾਲ ਭਰਦੀ
ਰੁੱਖਾਂ ਦੇ ਵਿਚ ਲੱਭੇ, ਸ਼ਾਇਦ ਇਹ ਦਿਲ ਦਾ ਦਰਦੀ

ਜੇ ਇਸ਼ਕ ਨੂੰ ਵਫ਼ਾ ਦੀ, ਮੁਢੋਂ ਨਾ ਬਾਣ ਹੁਦੀ
ਕੱਚੇ ਘੜੇ ਤੇ ਸੁਹਣੀ, ਐਦਾਂ ਝਨਾ ਨਾ ਤਰਦੀ

ਰਸਤਾ ਮੁਹੱਬਤਾਂ ਦਾ, ਹੁੰਦਾ ਜੇ ਸਾਫ ਸਿੱਧਾ
ਰਾਂਝਾ ਨਾ ਜੋਗ ਲੈਂਦਾ, ਨਾ ਹੀਰ ਉਸ ਤੇ ਮਰਦੀ

ਬੰਦੇ ਦੀ ਉਮਰ ਸਾਰੀ, ਦੁੱਖਾਂ ਦੇ ਵਿਚ ਲੰਘੇ
ਆਖਰ ਹੈ ਮੌਤ ਆ ਕੇ, ਸਭ ਦੁੱਖ ਦੂਰ ਕਰਦੀ

ਇਕ ਉਸਦੀ ਬੇ ਰੁਖ਼ੀ ਦੀ ਝੱਲੀ ਨਾ ਤਾਬ ਜਾਂਦੀ
ਇਹ ਜਾਨ ਹਰ ਤਸੀਹਾ ਭਾਵੇਂ ਰਹੀ ਹੈ ਜਰਦੀ

ਬੰਦੇ ਦੀ ਭੁਖ ਮਿਟਦੀ, ਦੇਖੀ ਨਾ ਜੱਗ ਅੰਦਰ
ਹਰ ਰੋਜ਼ ਹਿਰਸ ਆ ਕੇ ਇਸ ਨੂੰ ਹੈ ਤੰਗ ਕਰਦੀ

ਦੁੱਖਾਂ ਦਾ ਭਾਵੇਂ ਭਰਿਆ, ਫਿਰ ਵੀ ਹੈ ਮਿੱਠਾ ਜੀਵਨ
ਕੀੜੀ ਵੀ ਮੌਤ ਕੋਲੋਂ, ਦੇਖੋ ਪਈ ਹੈ ਡਰਦੀ

ਪੁਨੂੰ ਦਾ ਇਸ਼ਕ ਜੇ ਕਰ ਦਿਲ ਵਿਚ ਨਾ ਅੱਗ ਲਾਂਦਾ
ਸੱਸੀ 'ਰਤਨ' ਥਲਾਂ ਵਿਚ ਐਦਾਂ ਨਾ ਭੁਜ ਮਰਦੀ