ਪੰਨਾ:ਇਹ ਰੰਗ ਗ਼ਜ਼ਲ ਦਾ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਲ ਬੈਠਾ ਹਾਂ

 

ਪਹਾੜਾਂ ਜੰਗਲਾਂ ਜੂਹਾਂ 'ਚ ਤੈਨੂੰ ਭਾਲ ਬੈਠਾ ਹਾਂ
ਜਵਾਨੀ ਦਾ ਸਮਾਂ ਏਸੇ ਲਗਨ ਵਿਚ ਗਾਲ ਬੈਠਾ ਹਾਂ

ਭੁਲਾ ਬੈਠਾ ਹਾਂ ਤੇਰੇ ਇਸ਼ਕ ਵਿਚ ਮੈਂ ਅਪਣੀ ਹਸਤੀ ਨੂੰ
ਮੈਂ ਤੇਰੇ ਪ੍ਰੇਮ ਵਿਚ ਦੁਨੀਆਂ ਦੇ ਧੰਦੇ ਜਾਲ ਬੈਠਾ ਹਾਂ

ਸਵਾਏ ਦਿਲ ਦੀ ਦੌਲਤ ਦੇ, ਕੀ ਮੇਰੇ ਕੋਲ ਸੀ ਪ੍ਰੀਤਮ
ਲੁਟਾ ਉਸ ਮਾਲ ਨੂੰ ਮੈਂ ਅੱਜ ਹੋ ਕੰਗਾਲ ਬੈਠਾ ਹਾਂ

ਖ਼ੁਦਾ ਬਣ ਕੇ ਨਾ ਮੈਂ ਮਨਸੂਰ ਦੇ ਕਜ਼ੀਏ ਸਹੇੜਾਂਗਾ
ਖ਼ੁਦੀ ਦੇ ਤੋੜਕੇ ਮੈਂ ਇਸ ਲਈ ਜੰਜਾਲ ਬੈਠਾ ਹਾਂ

ਨਹੀਂ ਮੈਂ ਅੱਗ ਦੇ ਇਸ ਸੇਕ ਤੋਂ ਬੱਚ ਬੱਚ ਕੇ ਜੀ ਸਕਦਾ
ਇਹ ਉਹ ਭਾਂਬੜ ਹੈ ਜੋ ਮੈਂ ਅਪਣੇ ਹੱਥੀਂ ਬਾਲ ਬੈਠਾ ਹਾਂ

ਨਦਾਮਤ ਦਾ ਹੈ ਚਮਕਾ ਪੈ ਗਿਆ ਕੁਝ ਇਸ਼ਕ ਵਿਚ ਇਸ ਨੂੰ
ਹਠੀ ਮਨ ਨੂੰ ਮੈਂ ਮੋੜਨ ਦੀ ਤਾਂ ਕਰ ਸੌ ਚਾਲ ਬੈਠਾ ਹਾਂ

'ਰਤਨ' ਦੁਨੀਆਂ 'ਚ ਆਕੇ ਸੌਦਾ ਘਾਟੇ ਦਾ ਸਦਾ ਕੀਤਾ
ਕਿ ਬਦਲੇ ਕੌਡੀਆਂ ਦੇ ਵੇਚ ਅਕਸਰ ਲਾਲ ਬੈਠਾ ਹਾਂ