ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਚਾਲੀ ਮੁਕਤੇ
ਸ੍ਰੀ ਅਨੰਦ ਪੁਰ ਉਤੇ ਜਿਸ ਦਮ,
ਟੁਟ ਪਏ ਸ਼ਾਹੀ ਜਰਵਾਣੇ।
ਤੋਪਾਂ ਦੇ ਮੂੰਹ ਭੱਠੀਆਂ ਬਣ ਗਏ,
ਬੰਦੇ ਰੱਬ ਦੇ ਬਣ ਗਏ ਦਾਣੇ।
ਵਗਨ ਲਗੇ ਵਹਿਣ ਲਹੂ ਦੇ,
ਵਰਤਣ ਲਗੇ ਕਹਿਰੀ ਭਾਣੇ।
ਕੁਝ ਲੜ ਲੜ ਰਣ ਅੰਦਰ ਮਰ ਗਏ,
ਮਰਨ ਲਗੇ ਕੁਝ ਭੁਖੇ ਭਾਣੇ।
ਛੀ ਮਾਂਹ ਗੁਜਰੇ ਫੌਜ ਗੁਰਾਂ ਦੀ,
ਘੁਰੀ ਵਿਚ ਕਿਲ੍ਹੇ ਦੇ ਘੇਰੇ।
ਨਾਲ ਭੁਖਾਂ ਦੇ ਸੁਕੇ ਪਿੰਜਰ,
ਛੁਟੀਆਂ ਤੇਗਾਂ ਟੁਟੇ ਜ਼ੇਰੇ।
ਲਗੇ ਕਰਨ ਪਿਆਰੀਆਂ ਜਾਨਾਂ,
ਹੋਵਨ ਵਾਲੇ ਬੇਰੇ ਬੇਰੇ।
ਸਿਖ ਮਝੈਲ ਬੇ-ਦਾਵਾ ਦੇ ਗਏ,
'ਸਿਖ ਨਹੀਂ ਅਸੀਂ ਅੱਜ ਤੋਂ ਤੇਰੇ'।
-੧੦੦-