ਪੰਨਾ:ਉਪਕਾਰ ਦਰਸ਼ਨ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੂੰਝਣ ਮੂੰਹ ਆਖਣ ਏਹ ਲਹੂ ਨਹੀਂ,
ਬੀਰਤਾ ਦੀ ਏਹ ਮਘਦੀ ਲਾਲੀ।
ਕੌਣ ਆਖਦਾ ਹੈ ਏਹ ਬੇ-ਮੁਖ,
ਏਹ ਨੇ ਮੇਰੇ ਮੁਕਤੇ ਚਾਲੀ।

'ਮਹਾਂ ਸਿੰਘ' ਤੇ 'ਭਾਗੋ' ਤਾਈਂ,
ਫਿਰ ਗੋਦੀ ਦੇ ਵਿਚ ਲਟਾ ਕੇ।
ਜ਼ਖਮੀ ਲੇਲਿਆਂ ਵਾਂਗਰ ਲੁਛਦੇ,
ਮੂੰਹਾਂ ਵਿਚ ਕੁਝ ਪਾਣੀ ਪਾ ਕੇ।

ਕਹਿੰਦੇ ਕੀਹ ਹੈ ਮੰਗ ਤੁਹਾਡੀ,
ਜੋ ਮੰਗੋ ਮੈਂ ਦਿਆਂ ਲਿਆ ਕੇ।
ਧੋਤੇ ਦਾਗ਼ ਗਦਾਰੀ ਵਾਲੇ,
ਲਹੂਆਂ ਵਾਲੇ ਵਹਿਣ ਵਗਾ ਕੇ।

ਮਹਾਂ ਸਿੰਘ ਤੇ ਭਾਗੋ ਨੇ ਫਿਰ,
ਰੋ ਰੋ ਏਦਾਂ ਆਖ ਸੁਣਾਇਆ।
ਨਹੀਂ ਚਾਹੀਦੀ ਮੁਕਤੀ ਸਾਨੂੰ,
ਨਹੀਂ ਚਾਹੀਦੀ ਜ਼ਿੰਦਗੀ ਮਾਇਆ।

ਮਾਝੇ ਵਾਲੀ ਸ਼ਾਨ ਦੇ ਤਾਈਂ,
ਵੱਟਾ ਹੈ ਜੋ ਅਸਾਂ ਲਗਾਇਆ।
ਦੇਵੋ ਪਾੜ ਬੇ-ਦਾਵਾ ਸਾਡਾ,
ਜੋ 'ਅਨੰਦ ਪੁਰ' ਅਸਾਂ ਲਖਾਇਆ।

-੧੦੬-