ਪੰਨਾ:ਉਪਕਾਰ ਦਰਸ਼ਨ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੰਡੇ ਨੂੰ ਓਹ ਗੁਲਜ਼ਾਰ ਕਰ,
ਸੁੱਕੇ ਨੂੰ ਮਹਿਕਾਉਂਦਾ ਫਿਰੇ।
ਕਿਰਤੀ ਦੇ ਉਜੜੇ ਖੇਤ ਤੇ,
ਬਖਸ਼ਸ਼ ਦੇ ਮੀਂਹ ਪਾਉਂਦਾ ਫਿਰੇ।
ਰੋੜਾਂ ਨੂੰ 'ਰੋੜੀ-ਸਾਹਿਬ' ਕਰ,
ਸਾਹਿਬ ਬਨਾ ਕੇ ਬੇਰ ਨੂੰ।
'ਪਥਰਾਂ' ਨੂੰ ਕਰ ਦੇ ਮੋਮ ਉਹ,
ਵਲੀਆਂ ਦੇ ਕਢ ਕਢ ਫੇਰ ਨੂੰ।
ਜੇਹਲਾਂ 'ਚ ਪੀਹ ਪੀਹ ਚੱਕੀਆਂ,
ਬੰਦਿਆਂ ਦੇ ਬੇੜੇ ਤਾਰਦਾ।
'ਕੋਹਨੂਰ' ਕੌਡੇ ਨੂੰ ਬਣਾ,
ਸੜਦੇ ਕੜਾਹੇ ਠਾਰਦਾ।
'ਭਾਗੋ' ਦੇ ਸੁੱਤੇ ਭਾਗ ਨੂੰ,
ਆ ਕੇ ਜਗਾਇਆ ਓਸ ਨੇ।
ਲਾਲੋ ਦਾ ਖਾ ਕੇ ਕੋਧਰਾ,
ਬਾਬਰ ਨਿਵਾਇਆ ਓਸ ਨੇ।
ਲਾਲੋ ਦੇ ਸੁਕੇ ਮਿਸਿਓਂ,
ਸੀ ਦੁਧ ਜਿਸ ਥਾਂ ਵਗ ਗਿਆ।
ਸੁੰਨ ਸਾਨ ਤੇ ਵੈਰਾਨ ਜਹੇ,
ਜੰਗਲ 'ਚ ਮੰਗਲ ਲਗ ਗਿਆ।

-੧੧-