ਪੰਨਾ:ਉਪਕਾਰ ਦਰਸ਼ਨ.pdf/121

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਏਹ ਬਚੇ ਚੰਦ ਨੇ ਚੌਧਵੀਂ ਦੇ,
ਜੋ ਕੁਲਾਂ ਨੂੰ ਰੋਸ਼ਨ ਕਰਦੇ ਨੇ।
ਏਹ ਹੈਨ ਪਨੀਰੀ ਕੌਮਾਂ ਦੀ,
ਏਹਨਾਂ ਤੋਂ ਵਿਗੜੇ ਸਰਦੇ ਨੇ।

ਏਹ ਆਸਾਂ ਨੇ ਇਹ ਸਧਰਾਂ ਨੇ,
ਏਹ ਥਾਉਂ ਹੈਨ ਨਿਥਾਂਵਾਂ ਦੇ।
ਏਹਨਾਂ ਨੂੰ ਲਗੇ ਸੇਕ ਜ਼ਰਾ,
ਮੁਕ ਜਾਂਦੇ ਜੀਵਨ ਮਾਂਵਾਂ ਦੇ।

ਮੈਂ ਦਸਾਂ ਕਲਗੀਧਰ ਜੀ ਦੇ,
ਜਦ ਰਾਜ ਦੁਲਾਰੇ ਚਲੇ ਗਏ।
ਅਰਸ਼ਾਂ ਤੇ ਚਮਕਣ ਲਈ ਸਦਾ,
ਅੱਖੀਆਂ ਦੇ ਤਾਰੇ ਚਲੇ ਗਏ।

ਇਕ ਈ ਨਹੀਂ ਦੋ ਨਹੀਂ ਚਾਰ ਪੁਤਰ,
ਹਸਦੇ ਹਸਦੇ ਈ ਤੁਰ ਗਏ ਨੇ।
ਉਹ ਵਾਂਗ ਪਤਾਸੇ ਅਜਲਾਂ ਦੇ,
ਪਾਣੀ ਦੇ ਅੰਦਰ ਖੁਰ ਗਏ ਨੇ।

ਜੋ ਮਾਂ ਦੇ ਅੰਦਰ ਰੀਝਾਂ ਸਨ,
ਉਹ ਦਬੀਆਂ ਘੁਟੀਆਂ ਗਈਆਂ ਨੇ।
ਆਸਾਂ ਦੇ ਪਕੇ ਖੇਤਾਂ ਤੇ,
ਬਿਰਹੋਂ ਦੀਆਂ ਔਲਾਂ ਪਈਆਂ ਨੇ।

-੧੨੧-