ਪੰਨਾ:ਉਪਕਾਰ ਦਰਸ਼ਨ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਸੇ ਉਖੜੇ ਪੈਰ ਮੈਦਾਨ ਥੀਂ ਜਦ,
ਜਾ ਗਦਾਰਾਂ ਨੇ ਕਿਹਾ ਫਰੰਗੀਆਂ ਨੂੰ।
ਲੈ ਕੇ ਤਖਤ ਲਾਹੌਰ ਦਾ ਕਰੋ ਮੋਜਾਂ,
ਕਾਹਨੂੰ ਵਢ ਚਲੇ ਪੀਂਘਾਂ ਰੰਗੀਆਂ ਨੂੰ।
ਖਰਚ ਖਾਲਸੇ ਦਾ ਗਿਆ ਮੁਕ ਸਾਰਾ,
ਅਜੋ ਨਸ ਜਾਵਨ ਭੋਗ ਤੰਗੀਆਂ ਨੂੰ।
ਭਰ ਦਿਤੀ ਏ ਸਰ੍ਹੋਂ ਬਰੂਦ ਦੀ ਥਾਂ,
ਨੰਗਾ ਖੂਬ ਕੀਤਾ ਗੱਲਾਂ ਨੰਗੀਆਂ ਨੂੰ।

ਅਡੀ ਚੋਟੀ ਦਾ ਟਿਲ ਲਾ ਫੇਰ ਗੋਰੇ,
ਗੜਾ ਗੋਲੀਆਂ ਵਾਲਾ ਵਰਸਾ ਦਿਤਾ।
ਨਾਲੇ ਪੁਲ ਸਤਲੁਜ ਦੇ ਤੋੜ ਸਾਰੇ,
ਭਾਰੀ ਭੀੜ ਵਿਚ ਸਿੰਘਾਂ ਨੂੰ ਪਾ ਦਿਤਾ।

ਲੰਕਾ ਭੇਤ ਨੇ ਹੈਸੀ ਤਬਾਹ ਕੀਤੀ,
ਭੇਡਾਂ ਵਾਂਗਰਾਂ ਅੰਤ ਕਤਲਾਮ ਪੈ ਗਈ।
ਮੁਕਾ ਕੁਲ ਮੁਨੀਸ਼ਨ ਹੋ ਗਏ ਹੱਥਲ,
ਬਾਜ਼ੀ ਜਿਤੀ ਹੋਈ ਆਨ ਖਾਮ ਪੈ ਗਈ।
ਹਨੇ ਹਨੇ ਸ਼ੇਰਾਂ ਬੁਕਨ ਵਾਲਿਆਂ ਨੂੰ
ਮੂੰਹੀ ਘੋੜਿਆਂ ਵਾਂਗਰ ਲਗਾਮ ਪੈ ਗਈ।
'ਸ਼ਾਮ ਸਿੰਘ' ਜੀ ਦੇ ਅਖਾਂ ਮੀਟਦੇ ਈ,
ਸਦਾ ਲਈ 'ਪੰਜਾਬ' ਤੇ 'ਸ਼ਾਮ' ਪੈ ਗਈ।

-੧੨੬-