ਪੰਨਾ:ਉਪਕਾਰ ਦਰਸ਼ਨ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੇਰਿ ਪੰਜਾਬ ਦਾ ਅੰਤਲਾ ਹੁਕਮ

ਜਦ ਕੀਤਾ 'ਸ਼ੇਰਿ ਪੰਜਾਬ' ਨੇ ਪਰਲੋਕ ਤਿਆਰਾ।
ਜਦ ਟੁਟਨ ਲਗਾ ਦੇਸ਼ ਦੀ, ਕਿਸਮਤ ਦਾ ਤਾਰਾ।
ਦਿਲ ਅੰਦਰ ਸਧਰਾਂ ਬੀਰ ਉਹ, ਜਦ ਘੁਟਨ ਲਗਾ।
ਹਾਂ ਕਾਲ ਸੁਹਾਗ ਪੰਜਾਬ ਦਾ, ਜਦ ਲੁਟਨ ਲਗਾ।

ਤਦ ਆਗੂ ਕੁਲ ਦਰਬਾਰ ਦੇ, ਉਸ ਕੋਲ ਬੁਲਾ ਕੇ।
ਫਿਰ ਏਦਾਂ ਕੀਤੀ ਬੇਨਤੀ, ਗਲ ਪੱਲਾ ਪਾ ਕੇ।
ਹੁਣ ਸਿੰਘੋ ਮੈਨੂੰ ਆ ਗਿਆ, ਦਰਗਾਹ ਦਾ ਸੱਦਾ।
ਮੈਂ 'ਤੋਪਾਂ ਤੇਗਾਂ' ਵਾਲੜਾ, ਤੁਰ ਚਲਿਆ ਬੱਧਾ।

ਹੈ ਸਜੇ ਖਬੇ ਤੁਸਾਂ ਦੇ, ਮੀਰੀ ਤੇ ਪੀਰੀ।
ਮੈਂ ਕਹਿਣੀ ਚਾਹੁੰਦਾ ਤੁਸਾਂ ਨੂੰ, ਇਕ ਗਲ ਅਖੀਰੀ।
ਮੈਂ ਕੀਤੀ ਖੈਬਰ ਦਰੇ ਤਕ, ਲਹੂ ਮਿਝ ਦੀ ਘਾਣੀ।
ਹੁਣ ਸਿੰਘੋ 'ਪਤ ਪੰਜਾਬ ਦੀ', ਹੈ ਤੁਸਾਂ ਬਚਾਣੀ।

ਤੁਸਾਂ ਬਾਂਸਾਂ ਵਾਂਗੂ ਆਪ ਵਿਚ, ਭੁਲਕੇ ਨਹੀਂ ਖਹਿਣਾ।
ਤੁਸੀਂ ਹੋ 'ਪੰਜਾਬੀ ਬਿਜਲੀਆਂ', ਗੈਰਾਂ ਤੇ ਪੈਣਾ।
ਹਨ ਸਿਰ ਤੇ ਵੈਰੀ ਕੂਕਦੇ, ਲਾ ਝਾਕਾਂ ਬੈਠੇ।
ਉਹ ਤੰਦੂਏ ਸਤਲੁਜ ਦੇ ਕੰਢੇ, ਲਾ ਤਾਕਾਂ ਬੈਠੇ।

-੧੩੦-