ਪੰਨਾ:ਉਪਕਾਰ ਦਰਸ਼ਨ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਂਡੀ ਰਾਜਾ

ਰਾਤੋਂ ਦਿਨ, ਹੋ ਦਿਨੋਂ ਰਾਤ, ਜਿਉਂ ਵਾਰੋ ਵਾਰੀ।
ਚਕਰ ਏਦਾਂ ਸਮੇਂ ਦਾ, ਰਹਿੰਦਾ ਹੈ ਜਾਰੀ।
ਦੁਖੋਂ ਪਿਛੇ ਸੁਖ ਹੋਏ, ਸੁਖ ਬਾਦ ਬੀਮਾਰੀ।
'ਖਿਜ਼ਾਂ' ਜਿਉਂ ਮਗਰ ਬਸੰਤ ਦੇ, ਪਈ ਪਕੜ ਬਹਾਰੀ।

ਸਦਾ ਨਾ ਕੋਈ ਪਾਤਸ਼ਾਹ, ਨਾ ਸਦਾ ਭਿਖਾਰੀ।
ਸਦਾ ਨਾ ਸੁਖ ਸਰੀਰ ਨੂੰ, ਨਾ ਸਦਾ ਖੁਆਰੀ।
ਕਾਲ ਪਿਆ ਸੰਸਾਰ ਤੇ, ਆ ਕੇ ਇਕ ਵਾਰੀ।
ਭੁਖੀ ਭਿਆਣੀ ਮਰ ਚਲੀ, ਤਦ ਖਲਕਤ ਸਾਰੀ।

ਸੀ ਘਰ ਰਾਜੇ ਰਣਜੀਤ ਦੇ, ਉਦੋਂ ਸਰਦਾਰੀ।
ਲੰਗਰ ਥਾਂ ਥਾਂ ਓਸ ਨੇ, ਚਾ ਖੋਹਲੇ ਭਾਰੀ।
ਮੂੰਹ ਮੰਗੇ ਲਗਾ ਦਾਨ ਦੇਣ, ਉਹ ਮਹਾਂ ਭੰਡਾਰੀ।
ਉਹਦਾ ਲਗੇ ਏਦਾਂ ਜਸ ਗੌਣ, ਸਾਰੇ ਸੰਸਾਰੀ।

ਤਦ ਹੈਸੀ ਇਕ ਲਾਹੌਰ ਵਿਚ, ਮੋਚੀ ਦੁਖਦਾਈ।
ਬਿੰਦੀ ਸਤ ਕੁ ਸਾਲ ਨੂੰ, ਉਸ ਹੈ ਸੀ ਲਾਈ।
ਦੋ ਦਿਨ ਤੋਂ ਸੀ ਉਸ ਨੂੰ, ਭੁੱਖ ਚੰਦਰੀ ਆਈ।
ਯਤੀਮ ਪੋਤਰਾ ਹੋਰ ਇਕ, ਨਾ ਪਿਉ ਨਾ ਮਾਈ।

-੧੩੨-