ਠੰਡ ਸਾਰੀ ਖੁਦਾਈ ਦੀ ਭਰ ਦਿਤੀ,
ਭਗਤਾਂ,ਗੁਰੂਆਂ ਨੇ ਜਿਸਦੀਆਂ ਬੋਲੀਆਂ ਵਿਚ।
ਭਰੀ ਵਿਚ ਸੀਨੇ ਕੁਟ ਕੁਟ ਬਾਬਿਆਂ ਨੇ,
ਬਿਨਾਂ ਲੜਿਆਂ ਤੋਂ ਗੱਲਾਂ ਤਤੋਲੀਆਂ ਵਿਚ।
ਜ਼ਿੰਦਾ ਕੀਤੀ ਸ਼ਹੀਦਾਂ ਨੇ ਖੂਨ ਚੋ ਚੋ,
ਹੋ ਕੇ ਰਾਣੀ ਮੈਂ ਰੁਲਾਂ ਕਿਉਂ ਗੋੱਲੀਆਂ ਵਿਚ।
ਮੇਰੇ ਘਰ ਵਿਚ ਜੇ ਮੇਰੀ ਪਤ ਹੋਸੀ,
ਹੋਸੀ ਸ਼ਾਨ ਮੇਰੀ ਤਾਂ ਹਮਜੋਲੀਆਂ ਵਿਚ।
ਉੱਚਾ ਨੀਵਾਂ ਕੋਈ ਜੱਗ ਤੇ ਰਹੇ ਕਾਹਨੂੰ,
ਇਹੋ ਜਿਹਾ ਹਰ ਇਕ ਸ਼ਤਾਬੀ ਹੋਵੇ।
ਜਿਨੂੰ ਪੜ੍ਹ ਅਨ-ਪੜ੍ਹ ਵੀ ਸਮਝ ਸਕੇ,
ਉਹ ਪੰਜਾਬ ਮੇਰੇ ਵਿਚ ਪੰਜਾਬੀ ਹੋਵੇ।
'ਸਿੰਧੀ' ਚਲਦੀ ਜਿਸ ਤਰ੍ਹਾਂ ਸਿੰਧ ਅੰਦਰ,
ਚਲੇ ਜਿਵੇਂ ਜਪਾਨੀ ਜਪਾਨੀਆਂ ਦੀ।
ਚੌਧਰ ਕਰੇ 'ਗੁਜਰਾਤੀ' ਗੁਜਰਾਤ ਦੇ ਵਿਚ,
ਚਲੇ ਜਿਵੇਂ 'ਇੰਗਲਿਸ਼ ਇੰਗਲਸਤਾਨੀਆਂ ਦੀ।
ਚਲਦੀ ਜਿਵੇਂ 'ਮਲਾਈ' ਮਲਾਇਆ ਦੇ ਵਿਚ,
'ਅਰਬੀ' ਅਰਬਾਂ 'ਯੂਨਾਨੀ' ਯੁਨਾਨੀਆਂ ਦੀ
ਘੂਕੇ ਜਿਵੇਂ ਮਰਹੱਟੀ ਮਰਹੱਟਿਆਂ ਦੀ,
ਤੁਰਕੀ ਜਿਵੇਂ ਭਾਸ਼ਾ ਤੁਰਕਸਤਾਨੀਆਂ ਦੀ।
ਮੈਂ ਚਾਹੁੰਦਾ ਹਾਂ ਇਵੇਂ ਜ਼ਬਾਨ ਮੇਰੀ,
ਚੜ੍ਹਦੀ ਕਲਾਂ ਅੰਦਰ ਇਨਕਲਾਬੀ ਹੋਵੇ।
ਖਬਰੇ ਅਸਾਂ ਨੇ ਕੀਹ ਗੁਨਾਂਹ ਕੀਤਾ,
ਕਿਉਂ ਨਾ ਵਿਚ ਪੰਜਾਬ ਪੰਜਾਬੀ ਹੋਵੇ।
-੧੪੭-