ਪੰਨਾ:ਉਪਕਾਰ ਦਰਸ਼ਨ.pdf/151

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਂ ਦੀ ਮਮਤਾ

ਇਕ ਦਿਹਾੜੇ ਪਾਸ 'ਸਦਾਰਥ', ਮਾਤਾ 'ਗੋਤਮੀ', ਆਈ।
ਸਪ ਦਾ ਡੰਗਿਆ ਮੋਇਆ ਪੁਤਰ, ਕੁਛੜ ਚੁਕ ਲਿਆਈ।
ਮਹਾਂ ਤਪੱਸਵੀ ਦੇ ਚਰਨਾਂ ਵਿਚ, ਰੋ ਰੋ ਦਏ ਦੁਹਾਈ।
ਜੀਵੇ ਫਿਰ ਅਖੀਆਂ ਦਾ ਚਾਨਣ, ਐਸੀ ਦਿਓ ਦਵਾਈ।

ਧੀਰਜ ਦੇ ਕੇ ਸਾਧੂ ਕਹਿਦੇ, ਗੱਲ ਸੁਣੋ ਇਕ ਮਾਈ।
ਲਭ ਸ਼ਤਾਬੀ ਲੈ ਆ ਕਿਧਰੋਂ; ਤੋਲਾ 'ਕਾਲੀ ਰਾਈ'।
ਪਰ ਤੂੰ ਤੋਲਾ ਕਾਲੀ ਰਾਈ, ਐਸੇ ਘਰੋਂ ਲਿਆਣੀ।
ਇਕ ਵੀ ਮੌਤ ਨਾ ਹੋਈ ਹੋਵੇ,ਜਿਸ ਘਰ ਵਿਚ ਅੱਜ ਤਾਣੀ।

ਇਹ ਗਲ ਕੀ ਏ ਔਖੀ ਦਾਤਾ, ਮੂੰਹੋਂ ਏਦਾਂ ਕਹਿ ਕੇ।
ਉਠ ਤੁਰੀ ਪਿੰਡ ਵਲੇ ਓਵੇਂ, ਕੁਛੜ ਮੁਰਦਾ ਲੈ ਕੇ।
ਰੋ ਰੋ ਕੇ ਹਰ ਕੂਚੇ ਅੰਦਰ, ਮਾਤਾ ਦਏ ਦੁਹਾਈ।
ਵੇ ਲੋਕੋ ਇਕ ਤੋਲਾ ਮੈਨੂੰ, ਦੇਵੋ ਕਾਲੀ ਰਾਈ।

ਸੁਣ ਸੁਣ ਕੇ ਇਹ ਗੱਲ ਮਾਈ ਦੀ,ਹਰ ਇਕ ਮੌਜੂ ਕਰਦਾ।
ਜੌ ਕਰ ਵੱਸ ਦਵਾਈਆਂ ਹੁੰਦੀ, ਕਿਉਂ ਧਨੰਤਰ ਮਰਦਾ।
ਕੁੰਭ ਕਰਨ ਤੇ ਰਾਵਨ ਵਰਗੇ, ਕਰਦੇ ਐਸ਼ ਬਹਾਰਾਂ।
ਸਭ ਦੇ ਗਲ ਤੇ ਚਲਦੀਆਂ ਨੇ, ਮੌਤ ਦੀਆਂ ਤਲਵਾਰਾਂ।

-੧੫੧-