ਪੰਨਾ:ਉਪਕਾਰ ਦਰਸ਼ਨ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਸਾਨ ਨੂੰ

ਉਠ ਜਾਗ ਕਿਸਾਨਾਂ ਸੁਤਿਆ, ਤੂੰ ਉਠ ਕੇ ਸੁਰਤ ਸੰਭਾਲ।
ਤੂੰ ਬਹੁ ਨਾ ਹਿੰਮਤ ਹਾਰ ਕੇ, ਨਾ ਨਾਮ ਦੇਸ਼ ਦਾ ਗਾਲ।
ਮੇਰੇ ਲੂੰ ਕੰਡੇ ਨੇ ਉਠਦੇ, ਜਦੋਂ ਆਉਂਦਾ ਏ ਯਾਦ ਬੰਗਾਲ।
ਤੀਹ ਲਖ ਸੀ ਬੰਦਾ ਮਰ ਗਿਆ,ਰੁਲ ਰੁਲ ਕੇ ਭੁਖ ਦੇ ਨਾਲ।
ਹਲ ਤੇਰੀ ਹੀਰੇ ਬੀਜਦੀ, ਤੇਰੇ ਹਾਲੀ ਉਗਲਨ ਲਾਲ।
ਤੂੰ ਕਹੀ ਨਾਲ ਧਰਤੀ ਪੁਟ ਕੇ, ਵਿਚੋਂ ਚਾਂਦੀ ਲਵੇਂ ਨਿਕਾਲ।
ਤੇਰਾ ਘਰ ਸੋਨੇ ਦੀ ਚਿੜੀ ਏ, ਪਰ ਬਣਦਾ ਜੁਗਤਾਂ ਨਾਲ।
ਤੂੰ ਨਾ ਸੁਣ ਸੋਆਂ ਭੈੜੀਆਂ, ਨਾ ਕਹੁ 'ਖਬਰੇ ਕੀਹ' ਖਿਆਲ।
ਤੇਰੇ ਮੂੰਹ ਵਲ ਸਾਰੇ ਵੇਖਦੇ, ਹੈ ਪੈ ਰਿਹਾ ਕਹਿਤ ਚੰਡਾਲ।
ਖਾ ਛੋਲੇ, ਮਕੀਆਂ, ਬਾਜਰਾ, ਉਹ ਵੀ ਮਿਲਦੇ ਵਖਤਾਂ ਨਾਲ।
ਤੇਰਾ ਖੂਨ ਜਵਾਨਾ ਸੁਕਿਆ, ਤੇਰੇ 'ਕੁਰੰਗ' ਨੇ ਹੋ ਗਏ ਬਾਲ।
ਤੂੰ ਦਾਤਾ ਸਾਰੇ ਜੱਗ ਦਾ, ਪਰ ਹਾਲੋਂ ਅੱਜ ਬੇ-ਹਾਲ।
ਤੂੰ ਬਦਲ ਦੇ ਕਿਸਮਤ ਦੇਸ ਦੀ, ਧਰਤੀ ਦਾ ਪਾਸਾ ਢਾਲ।
ਓਹ ਸ਼ੇਰ ਪੰਜਾਬੀਆ।

-੧੫੫-