ਪੰਨਾ:ਉਪਕਾਰ ਦਰਸ਼ਨ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇਟਾ ਜੀ ਚੂਹੀ ਨੂੰ, ਫੜ ਬੰਨੇ ਸੁਟ ਆਓ।
ਬੋ ਵਧਦੀ ਜਾਂਦੀ ਏ, ਉਠੋ ਨਾ ਡੇਰ ਲਾਓ।
ਤਦ ਦੋਵੇਂ ਕਹਿੰਦੇ ਨੇ, ਨਹੀਂ ਕੋਈ ਚੰਮਿਆਰ ਅਸੀਂ।
ਭੰਗੀ ਤੋਂ ਸੁਟਾ ਲਾਂਗੇ, ਦੇ ਪੈਸੇ ਚਾਰ ਅਸੀਂ।
ਹੋਈ ਸਨਤ ਲਹਿਣੇ ਨੂੰ, ਮਾਸਾ ਨਾ ਚਿਰ ਲਾਇਆ।
ਪੂਛਲ ਤੋਂ ਫੜ ਚੂਹੀ, ਰੂੜੀ ਤੇ ਸੁਟ ਆਇਆ।
ਇਕ ਦਿਨ ਫਿਰ ਪ੍ਰੀਤਮ ਨੇ, ਝੋਨੇ ’ਚੋਂ ਜਾ ਕੇ ਤੇ।
ਕੁਝ ਪੁਟਿਆ ਡੀਲਾ ਸੀ, ਰਖੀ ਪੰਡ ਪਾ ਕੇ ਤੇ।
ਉਹ ਡੀਲਾ ਗਿੱਲਾ ਸੀ, ਵਿਚੋਂ ਵਗਦਾ ਗਾਰਾ ਸੀ।
ਕਪੜਾ ਸਭ ਲਿਬੜ ਗਿਆ, ਜੋ ਚਿਟਾ ਸਾਰਾ ਸੀ।
ਪੁਤਰਾਂ ਨੂੰ ਕਹਿੰਦੇ ਨੇ, ਐਹ ਪੰਡ ਉਠਾਇਓ ਜੇ।
ਪਾਣੀ ਵਿਚ ਧੋ ਧੋ ਕੇ ਮਝੀਆਂ ਨੂੰ ਪਾਇਓ ਜੇ।
ਗੁਸੇ ਵਿਚ ਕਹਿਣ ਲਗੇ, ਪਈ ਤੇਰੇ ਵਾਹ ਬਾਪੂ।
ਸਾਰਾ ਈ ਚਿੱਕੜ ਏ, ਪੁਟਿਆ ਜੋ ਘਾਹ ਬਾਪੂ।
ਸਾਨੂੰ ਜਾਤਾ ਕਾਮੇ ਤੂੰ, ਪੁਤ ਤੇਰੇ ਚੰਗੇ ਆਂ।
ਸੋਭਾ ਦੀ ਸੂਲੀ ਤੇ, ਐਵੇਂ ਈ ਟੰਗੇ ਆਂ।
ਜੇ ਸਿਰ ਤੇ ਚੁਕ ਲਿਆ, ਕਪੜੇ ਭਰ ਜਾਵਨਗੇ।
ਚੁਕਵਾ ਕੇ ਘਲਦਾਂਗੇ, ਹੁਣੇ ਸਿਖ ਜੂ ਆਵਨਗੇ।
ਹੋਈ ਜਾਂ ਲਹਿਣੇ ਨੂੰ, ਇਕ ਸੈਨਤ ਪਿਆਰੇ ਦੀ।
ਪਾ ਜਫਾ ਚੁਕ ਲੀਤੀ, ਪੰਡ ਸਿਰ ਤੇ ਗਾਰੇ ਦੀ।

-੧੭-