ਪੰਨਾ:ਉਪਕਾਰ ਦਰਸ਼ਨ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਪੁਤਲੀ ਗ਼ੈਰਤ ਬੀਰਤਾ ਦੀ,
ਉਹ 'ਭਾਨ ਤੇਜ' ਦੀ ਸ਼ਕਤੀ ਸੀ।
ਕਟਨ ਲਈ ਛੌੜ ਗੁਲਾਮੀ ਦੇ,
ਕੁਦਰਤ ਦੀ ਇਕ ਵਯੱਕਤੀ ਸੀ।

ਏਹ 'ਕਣੀ' ਅਮੋਲਕ ਹੀਰੇ ਦੀ,
ਜੋਹਰੀ ਢਿਗ ਪਰਖੀ ਜਾ ਰਹੀ ਏ।
ਡਾਹ ਚੌਂਕੀ ਪਿਆਰੇ ਬਾਪੂ ਨੂੰ,
ਕੇਸੀਂ ਇਸ਼ਨਾਨ ਕਰਾ ਰਹੀ ਏ।

ਟੁਟਾ ਇਕ ਪਾਵਾ ਚੌਂਕੀ ਦਾ,
'ਭਾਨੀ' ਨੇ ਗੋਡਾ ਧਰ ਦਿੱਤਾ।
ਡਿਗ ਕੇ ਨਾ ਲਗੇ ਚੋਟ ਕਿਤੇ,
ਸੀ ਮਨ ਨੇ ਅੰਦਰੋਂ ਡਰ ਦਿਤਾ।

ਵਗ ਵਗ ਕੇ ਲਹੂ ਨੇ ਗੋਡੇ 'ਚੋਂ,
ਪਾਨੀ ਨੂੰ ਲਾਲ ਬਣਾ ਦਿਤਾ।
ਉਸ ਲਾਲੀ ਨੇ ਗੁਰ ਗਦੀ ਦਾ,
ਪਾਸਾ ਹੀ ਸਭ ਪਰਤਾ ਦਿਤਾ।

ਤਕ ਸਿਦਕ ਅਡੋਲਤਾ ਭਾਨੀ ਦੀ,
ਇਉਂ ਬੋਲਿਆ ਵਾਕ ਲਸਾਨੀ ਏਂ।
'ਰੇਖਾ ਵਿਚ ਮੇਖਾ' ਲਾ ਦਿਤੀ,
ਭਾਨੀ ਤੂੰ ਗੁਰੂ ਘਰ ਮਾਨੀ ਏਂ।

-੨੫-